ਮੁੰਬਈ, 9 ਅਕਤੂਬਰ
ਐੱਨਸੀਪੀ ਆਗੂ ਨਵਾਬ ਮਲਿਕ ਨੇ ਅੱਜ ਦਾਅਵਾ ਕੀਤਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਡਰੱਗ ਕੇਸ ਵਿਚ ਗੋਆ ਜਾਣ ਵਾਲੇ ਕਰੂਜ਼ ਸ਼ਿੱਪ ਤੋਂ ਪਹਿਲਾਂ 11 ਜਣਿਆਂ ਨੂੰ ਫੜਿਆ ਸੀ ਪਰ ਤਿੰਨ ਨੂੰ ਛੱਡ ਦਿੱਤਾ ਗਿਆ। ਜਿਨ੍ਹਾਂ ਨੂੰ ਛੱਡਿਆ ਗਿਆ ਉਨ੍ਹਾਂ ਵਿਚੋਂ ਇਕ ਭਾਜਪਾ ਆਗੂ ਮੋਹਿਤ ਭਾਰਤੀਆ ਦਾ ਰਿਸ਼ਤੇਦਾਰ (ਰਿਸ਼ਤੇ ਵਿਚ ਸਾਲਾ) ਸੀ। ਮਹਾਰਾਸ਼ਟਰ ਦੇ ਮੰਤਰੀ ਤੇ ਐਨਸੀਪੀ ਦੇ ਬੁਲਾਰੇ ਮਲਿਕ ਨੇ ਇੱਥੇ ਇਕ ਮੀਡੀਆ ਕਾਨਫਰੰਸ ਵਿਚ ਕਿਹਾ ਕਿ ਮੋਹਿਤ ਦਾ ਸਾਲਾ ਰਿਸ਼ਭ ਸਚਦੇਵਾ ਵੀ ਐੱਨਸੀਬੀ ਵੱਲੋਂ ਹਿਰਾਸਤ ਵਿਚ ਲਿਆ ਗਿਆ ਸੀ। ਦੋ ਹੋਰ ਪ੍ਰਤੀਕ ਗਾਬਾ ਤੇ ਆਮਿਰ ਫਰਨੀਚਰਵਾਲਾ ਸਨ ਜੋ ਅਦਾਕਾਰ ਸ਼ਾਹਰੁਖ਼ ਖਾਨ ਦੇ ਪੁੱਤਰ ਆਰਿਅਨ ਨੂੰ ਕਰੂਜ਼ ਪਾਰਟੀ ਵਿਚ ਲੈ ਕੇ ਆਏ ਸਨ। ਇਨ੍ਹਾਂ ਨੂੰ ਵੀ ਮਗਰੋਂ ਦੋ ਘੰਟਿਆਂ ਬਾਅਦ ਜਾਣ ਦਿੱਤਾ ਗਿਆ। ਸੰਪਰਕ ਕਰਨ ’ਤੇ ਭਾਰਤੀਆ ਨੇ ਐਨਸੀਪੀ ਦੇ ਦੋਸ਼ਾਂ ਉਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੇ ਸਟਾਫ਼ ਨੇ ਕਿਹਾ ਕਿ ਉਹ ਮਗਰੋਂ ਮੀਡੀਆ ਕਾਨਫਰੰਸ ਕਰ ਕੇ ਜਵਾਬ ਦੇਣਗੇ। ਮਲਿਕ ਨੇ ਕਿਹਾ ਕਿ ਅਦਾਲਤ ਵਿਚ ਹੋਈ ਸੁਣਵਾਈ ’ਚ ਪ੍ਰਤੀਕ ਤੇ ਆਮਿਰ ਦਾ ਨਾਂ ਸਾਹਮਣੇ ਆਇਆ ਹੈ। ਐਨਸੀਪੀ ਆਗੂ ਨੇ ਮੰਗ ਕੀਤੀ ਕਿ ਜਿਨ੍ਹਾਂ ਤਿੰਨਾਂ ਨੂੰ ਛੱਡਿਆ ਗਿਆ ਸੀ, ਇਨ੍ਹਾਂ ਦੇ ਕਾਲ ਰਿਕਾਰਡ ਚੈੱਕ ਕੀਤੇ ਜਾਣ। ਉਨ੍ਹਾਂ ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਦੇ ਕਾਲ ਰਿਕਾਰਡ ਚੈੱਕ ਕਰਵਾਉਣ ਦੀ ਮੰਗ ਵੀ ਕੀਤੀ।
ਮਲਿਕ ਨੇ ਦਾਅਵਾ ਕੀਤਾ ਕਿ ਰਿਸ਼ਭ ਸਚਦੇਵਾ ਦੇ ਪਿਤਾ ਤੇ ਇਕ ਹੋਰ ਰਿਸ਼ਤੇਦਾਰ ਐਨਸੀਬੀ ਦਫ਼ਤਰ ਆਏ ਸਨ। ਇਸ ਮੌਕੇ ਵਾਨਖੇੜੇ ਦੀ ਮੁੰਬਈ ਤੇ ਦਿੱਲੀ ਵਿਚ ਭਾਜਪਾ ਆਗੂਆਂ ਨਾਲ ਗੱਲਬਾਤ ਹੋਈ। ਮਲਿਕ ਨੇ ਕਿਹਾ ਕਿ ਮੁੰਬਈ ਪੁਲੀਸ ਨੂੰ ਵੀ ਇਹੀ ਸੂਚਨਾ ਦਿੱਤੀ ਗਈ ਸੀ ਕਿ 11 ਜਣੇ ਫੜੇ ਗਏ ਹਨ। ਮਲਿਕ ਨੇ ਨਾਲ ਹੀ ਦਾਅਵਾ ਕੀਤਾ ਕਿ ਐੱਨਸੀਬੀ ਦਾ ਛਾਪਾ ‘ਫ਼ਰਜ਼ੀ, ਯੋਜਨਾਬੱਧ ਤੇ ਸਾਜ਼ਿਸ਼ ਤਹਿਤ ਮਾਰਿਆ ਗਿਆ ਸੀ, ਇਸ ਦਾ ਮੰਤਵ ਮਹਾਰਾਸ਼ਟਰ ਸਰਕਾਰ ਤੇ ਫ਼ਿਲਮ ਸਨਅਤ ਨੂੰ ਬਦਨਾਮ ਕਰਨਾ ਹੈ।’ ਚੋਣਵੇਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਮਾਮਲਾ ਗੰਭੀਰ ਹੈ। ਮੰਤਰੀ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਮੰਗਵਾ ਕੇ ਵਿਸਥਾਰ ਵਿਚ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਭਾਰਤੀਆ ਨੇ ਮਲਿਕ ਦੇ ਦਾਅਵੇ ਦੇ ਜਵਾਬ ਵਿਚ ਕਿਹਾ ਕਿ ਐੱਨਸੀਪੀ ਆਗੂ ਨਸ਼ਾ ਤਸਕਰਾਂ ਦਾ ਸਾਥ ਦਿੰਦੇ ਹਨ ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਐੱਨਸੀਬੀ ਨੂੰ ਕੋਈ ਸਬੂਤ ਮਿਲਿਆ ਹੁੰਦਾ ਤਾਂ ਉਹ ਸਚਦੇਵਾ ਖ਼ਿਲਾਫ਼ ਕਾਰਵਾਈ ਕਰਦੀ। -ਪੀਟੀਆਈ
ਸਿਆਸੀ ਪਿਛੋਕੜ ਤੇ ਧਰਮ ਦੇਖ ਕੇ ਕਾਰਵਾਈ ਨਹੀਂ ਕਰਦੀ ਏਜੰਸੀ: ਐਨਸੀਬੀ
ਮੁੰਬਈ: ਐੱਨਸੀਬੀ (ਨਾਰਕੋਟਿਕਸ ਕੰਟਰੋਲ ਬਿਊਰੋ) ਨੇ ਡਰੱਗ ਬਰਾਮਦ ਹੋਣ ਦੇ ਮਾਮਲੇ ਵਿਚ ਏਜੰਸੀ ਉਤੇ ਲੱਗੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ‘ਬੇਬੁਨਿਆਦ ਤੇ ਪ੍ਰੇਰਿਤ’ ਹਨ। ਐਨਸੀਬੀ ਦੇ ਮੁੰਬਈ ਜ਼ੋਨ ਦੇ ਡਾਇਰੈਕਟਰ ਸਮੀਰ ਵਾਨਖੇੜੇ ਨੇ ਕਿਹਾ ਕਿ ਏਜੰਸੀ ਪੇਸ਼ੇਵਰ ਢੰਗ ਨਾਲ ਕੰਮ ਕਰਦੀ ਹੈ, ਇਹ ਸਿਆਸੀ ਪਿਛੋਕੜ ਜਾਂ ਧਰਮ ਨਹੀਂ ਦੇਖਦੀ। ਐਨਸੀਬੀ ਦੇ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਐਨਸੀਪੀ ਆਗੂ ਨਵਾਬ ਮਲਿਕ ਜਿਨ੍ਹਾਂ ਵਿਅਕਤੀਆਂ ਬਾਰੇ ਦਾਅਵਾ ਕਰ ਰਹੇ ਹਨ ਕਿ ਉਹ ‘ਬਾਹਰਲੇ’ ਸਨ, ਦਰਅਸਲ ਉਹ ਉਨ੍ਹਾਂ ਨੌਂ ਆਜ਼ਾਦ ਗਵਾਹਾਂ ਵਿਚੋਂ ਸਨ ਜੋ ਅਪਰੇਸ਼ਨ ਵਿਚ ਸ਼ਾਮਲ ਸਨ। ਐਨਸੀਬੀ ਨੂੰ ਇਨ੍ਹਾਂ ਦੋਵਾਂ ਬਾਰੇ ਦੋ ਅਕਤੂਬਰ ਤੋਂ ਪਹਿਲਾਂ ਤੱਕ ਕੁਝ ਨਹੀਂ ਪਤਾ ਸੀ। -ਪੀਟੀਆਈ
ਫ਼ਿਲਮ ਨਿਰਮਾਤਾ ਇਮਤਿਆਜ਼ ਖਤਰੀ ਦੇ ਟਿਕਾਣਿਆਂ ’ਤੇ ਛਾਪੇ
ਐਨਸੀਬੀ ਨੇ ਫ਼ਿਲਮ ਨਿਰਮਾਤਾ ਇਮਤਿਆਜ਼ ਖਤਰੀ ਦੇ ਘਰ ਤੇ ਦਫ਼ਤਰ ਉਤੇ ਛਾਪੇ ਮਾਰੇ ਹਨ। ਇਹ ਛਾਪੇ ਕਰੂਜ਼ ਵਿਚੋਂ ਮਿਲੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿਚ ਮਾਰੇ ਗਏ ਹਨ। ਮੁਲਜ਼ਮਾਂ ਕੋਲੋਂ ਕੀਤੀ ਗਈ ਪੁੱਛਗਿੱਛ ਵਿਚ ਖਤਰੀ ਦਾ ਨਾਂ ਸਾਹਮਣੇ ਆਇਆ ਹੈ। ਇਮਤਿਆਜ਼ ਦਾ ਘਰ ਤੇ ਦਫ਼ਤਰ ਬਾਂਦਰਾ ਵਿਚ ਹਨ।