ਮੁੰਬਈ, 15 ਜਨਵਰੀ
ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਮਹਾਰਾਸ਼ਟਰ ਦੇ ਮੰਤਰੀ ਧਨੰਜਯ ਮੁੰਡੇ ਖ਼ਿਲਾਫ਼ ਲੱਗੇ ਜਬਰ-ਜਨਾਹ ਦੇ ਦੋਸ਼ਾਂ ਦੀ ਸਚਾਈ ਸਾਹਮਣੇ ਆਉਣ ਮਗਰੋਂ ਹੀ ਕੋਈ ਕਾਰਵਾਈ ਕਰੇਗੀ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਵਾਰ ਨੇ ਕਿਹਾ ਕਿ ਐੱਨਸੀਪੀ ਚਾਹੁੰਦੀ ਹੈ ਕਿ ਮੁੰਡੇ ਖ਼ਿਲਾਫ਼ ਮਹਿਲਾ ਵੱਲੋਂ ਲਗਾਏ ਦੋਸ਼ਾਂ ਦੀ ਜਾਂਚ ਏਸੀਪੀ ਰੈਂਕ ਦੀ ਮਹਿਲਾ ਅਧਿਕਾਰੀ ਦੀ ਅਗਵਾਈ ਹੇਠ ਹੋਵੇ। ਸਾਬਕਾ ਕੇਂਦਰੀ ਮੰਤਰੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਵੀਰਵਾਰ ਰਾਤ ਐੱਨਸੀਪੀ ਨੇ ਬੈਠਕ ਕਰਕੇ ਮੁੰਡੇ ’ਤੇ ਲੱਗੇ ਦੋਸ਼ਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਸੀ। ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ ਕਿ ਪੁਲੀਸ ਜਾਂਚ ਮੁਕੰਮਲ ਹੋਣ ਤੱਕ ਮੁੰਡੇ ਆਪਣੇ ਅਹੁਦੇ ’ਤੇ ਬਣੇ ਰਹਿਣਗੇ। ਪਵਾਰ ਨੇ ਭਰੋਸਾ ਜਤਾਇਆ ਕਿ ਮੁੰਬਈ ਪੁਲੀਸ ਸਚਾਈ ਸਾਹਮਣੇ ਲਿਆਵੇਗੀ।
-ਪੀਟੀਆਈ