ਮੁੰਬਈ, 27 ਜੂਨ
ਸ਼ਿਵ ਸੈਨਾ ਦੇ ਬਾਗੀ ਵਿਧਾਇਕ ਦੀਪਕ ਕੇਸਰਕਰ ਨੇ ਅੱਜ ਸ਼ਿਵ ਸੈਨਾ ਨੇਤਾ ਸੰਜੈ ਰਾਊਤ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦਾ ਚਹੇਤਾ ਕਰਾਰ ਦਿੰਦਿਆਂ ਕਿਹਾ ਕਿ ਜਦੋਂ 2019 ਵਿੱਚ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ-ਭਾਜਪਾ ਸਰਕਾਰ ਲੱਗਪਗ ਬਣਨੀ ਤੈਅ ਸੀ ਤਾਂ ਇੱਕ ‘ਵੱਡੇ ਐੱਨਸੀਪੀ ਨੇਤਾ’ ਦੇ ਆਸ਼ੀਰਵਾਦ ਨਾਲ ਸੰਜੈ ਰਾਊਤ ਸਰਗਰਮ ਹੋ ਗਏ ਸਨ ਅਤੇ ਹੁਣ ਉਹ ਸ਼ਿਵ ਸੈਨਾ ਨੂੰ ਖਤਮ ਕਰਨ ਲਈ ਤਿਆਰ ਹਨ। ਸੰਜੈ ਰਾਊਤ ਦੇ ਹਵਾਲੇ ਨਾਲ ਮੁੱਖ ਮੰਤਰੀ ਊਧਵ ਠਾਕਰੇ ਨੂੰ ਸੰਬੋਧਨ ਕਰਦਿਆਂ ਲਿਖੇ ਪੱਤਰ ਵਿੱਚ ਕੇਸਰਕਰ ਨੇ ਕਿਹਾ ਕਿ ਜਿਹੜੇ ਲੋਕ ਵਿਧਾਇਕਾਂ ਕਰਕੇ ਚੁਣੇ ਗਏ, ਉਹ ਹੁਣ ਰੋਜ਼ਾਨਾ ਉਨ੍ਹਾਂ ਨੂੰ ਗਾਲ੍ਹਾਂ ਕੱਢ ਰਹੇ ਹਨ। ਮਹਾਰਾਸ਼ਟਰ ਦੇ ਸਿੰਧੂਦੁਰਗ ਤੋਂ ਤੀਜੀ ਵਾਰ ਵਿਧਾਇਕ ਬਣੇ ਕੇਸਰਕਾਰ ਨੇ ਮੁੱਖ ਮੰਤਰੀ ਠਾਕਰੇ ਨੂੰ ਆਪਣੇ ਵਿਚਾਰ ’ਤੇ ਮੁੜ ਵਿਚਾਰ ਕਰਨ ਅਤੇ ਭਾਜਪਾ ਨਾਲ ਗੱਠਜੋੜ ਕਰਨ ਲਈ ਆਖਿਆ ਹੈ। ਪੱਤਰ ਵਿੱਚ ਜ਼ਿਆਦਾਤਰ ਸੰਜੈ ਰਾਊਤ ’ਤੇ ਹਮਲਾ ਕੀਤਾ ਗਿਆ ਹੈ। -ਪੀਟੀਆਈ