ਨਵੀ ਮੁੰਬਈ, 18 ਨਵੰਬਰ
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਮਹਾਯੁਤੀ ਤੇ ਐੱਨਡੀਏ ਨੇ ਮਹਾਰਾਸ਼ਟਰ ’ਚ ਸਿਆਸਤ ਦਾ ਨਵਾਂ ਸੱਭਿਆਚਾਰ ਤੇ ਪਰਿਭਾਸ਼ਾ ਤਿਆਰ ਕੀਤੀ ਹੈ। ਨੱਢਾ ਨੇ ਨਵੀ ਮੁੰਬਈ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਅਸੀਂ ਅਜਿਹੀ ਸਰਕਾਰ ਦੇ ਰਹੇ ਹਾਂ ਜੋ ਲੋਕਾਂ ਪ੍ਰਤੀ ਜਵਾਬਦੇਹ ਹੈ।’ ਉਨ੍ਹਾਂ ਕਿਹਾ, ‘ਮੋਦੀ ਜੀ ਦੀ ਅਗਵਾਈ ਹੇਠ ਮਹਾਯੁਤੀ ਤੇ ਐੱਨਡੀਏ ਨੇ ਸਿਆਸਤ ਦਾ ਨਵਾਂ ਸੱਭਿਆਚਾਰ ਤੇ ਨਵੀਂ ਪਰਿਭਾਸ਼ਾ ਤਿਆਰ ਕੀਤੀ ਹੈ। ਅੱਜ ਸਾਡੀ ਸਰਕਾਰ ‘ਜੋ ਕਿਹਾ ਗਿਆ ਉਹ ਵੀ ਕੀਤਾ ਅਤੇ ਜੋ ਨਹੀਂ ਕਿਹਾ ਉਹ ਵੀ ਕੀਤਾ’ ਦੀ ਸਿਆਸਤ ਕਰ ਰਹੀ ਹੈ।’ ਉਨ੍ਹਾਂ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਸੰਵਿਧਾਨ ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਅਤੇ ਉਨ੍ਹਾਂ ਦੀ ਆਲੋਚਨਾ ਕਰਦਿਆਂ ਕਿਹਾ, ‘ਅੱਜ ਰਾਹੁਲ ਗਾਂਧੀ ਸੰਵਿਧਾਨ ਦੀ ਕਿਤਾਬ ਲੈ ਕੇ ਘੁੰਮਦੇ ਹਨ। ਉਨ੍ਹਾਂ ਸੰਵਿਧਾਨ ਦੀ ਕਿਤਾਬ ਪੜ੍ਹੀ ਤੱਕ ਨਹੀਂ ਹੈ। ਉਹ ਬੱਸ ਇਸ ਨੂੰ ਲੈ ਕੇ ਘੁੰਮਦੇ ਹਨ।’ ਉਨ੍ਹਾਂ ਕਿਹਾ, ‘ਡਾ. ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ’ਚ ਲਿਖਿਆ ਸੀ ਕਿ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਨਹੀਂ ਦਿੱਤਾ ਜਾ ਸਕਦਾ ਪਰ ਅੱਜ ਕਾਂਗਰਸ ਪਾਰਟੀ ਕਰਨਾਟਕ ’ਚ ਨਿੱਜੀ ਠੇਕੇਦਾਰਾਂ ਨੂੰ ਟੈਂਡਰ ਦੇਣ ਸਮੇਂ ਘੱਟ ਗਿਣਤੀਆਂ ਨੂੰ ਚਾਰ ਫੀਸਦ ਰਾਖਵਾਂਕਰਨ ਦੇ ਰਹੀ ਹੈ।’ -ਪੀਟੀਆਈ