ਨਵੀਂ ਦਿੱਲੀ, 17 ਜੁਲਾਈ
ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਵੱਲੋਂ ਇੱਥੇ ਭਲਕੇ ਕੀਤੀ ਜਾਣ ਵਾਲੀ ਮੀਟਿੰਗ ਵਿੱਚ ਭਾਜਪਾ ਦੇ ਕਏ ਨਵੇਂ ਸਹਿਯੋਗੀ ਦਲ ਵੀ ਹਿੱਸਾ ਲੈਣਗੇ, ਜਿਨ੍ਹਾਂ ਵਿੱਚ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ), ਓ ਪੀ ਰਾਜਭਰ ਦੀ ਅਗਵਾਈ ਵਾਲੀ ਐੱਸਬੀਐੱਸਪੀ ਤੇ ਹਿੰਦੁਸਤਾਨੀ ਆਵਾਮ ਮੋਰਚਾ (ਸੈਕੁਲਰ) ਵੀ ਸ਼ਾਮਲ ਹਨ। ਦਰਅਸਲ, ਸੱਤਾਧਾਰੀ ਭਾਜਪਾ ਸਾਲ 2023 ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਦਲਾਂ ਵੱਲੋਂ ਬੰਗਲੂਰੂ ਵਿੱਚ ਕੀਤੇ ਜਾ ਰਹੇ ਇਕੱਠ ਦੌਰਾਨ ਆਪਣਾ ਸ਼ਕਤੀ ‘ਪ੍ਰਦਰਸ਼ਨ’ ਕਰਨਾ ਚਾਹੁੰਦੀ ਹੈ। ਐੱਨਡੀਏ ਦੀ ਮੀਟਿੰਗ ਵਿੱਚ ਘੱਟੋ-ਘੱਟ 38 ਪਾਰਟੀਆਂ ਹਿੱਸਾ ਲੈ ਰਹੀਆਂ ਹਨ। ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਐੱਨਡੀਏ ਵਿੱਚ ਹੁਣੇ-ਹੁਣੇ ਸ਼ਾਮਲ ਹੋਈ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ, ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ ਵਾਲੀ ਐੱਨਸੀਪੀ, ਉਪੇਂਦਰ ਕੁਸ਼ਵਾਹਾ ਦੀ ਅਗਵਾਈ ਵਾਲਾ ਰਾਸ਼ਟਰੀ ਲੋਕ ਜਨਤਾ ਦਲ ਤੇ ਪਵਨ ਕਲਿਆਣ ਦੀ ਅਗਵਾਈ ਵਾਲੀ ਜਨ ਸੈਨਾ ਵੀ ਐੱਨਡੀਏ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੀਆਂ ਨਵੀਆਂ ਪਾਰਟੀਆਂ ਹੋਣਗੀਆਂ। ਅੰਨਾ ਡੀਐੱਮਕੇ ਅਤੇ ਉੱਤਰ-ਪੂਰਬੀ ਸੂਬਿਆਂ ਤੇ ਦੂਜੇ ਸੂਬਿਆਂ ਤੋਂ ਵੀ ਪਾਰਟੀਆਂ ਮੀਟਿੰਗ ਵਿੱਚ ਸ਼ਾਮਲ ਹੋਣਗੀਆਂ। -ਪੀਟੀਆਈ