ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਅਕਤੂਬਰ
ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਪਬਲਿਕ ਸਕੂਲ ਦੇ ਗੋਲਡਨ ਜੁਬਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਨੇ ਕਿਹਾ, ‘ਤੁਸੀਂ ਸਮਾਜ ਵਿੱਚ ਜੋ ਤਬਦੀਲੀ ਦੇਖਣਾ ਚਾਹੁੰਦੇ ਹੋ, ਉਹ ਤੁਹਾਨੂੰ ਪਹਿਲਾਂ ਖੁਦ ’ਚ ਲਿਆਉਣੀ ਪਵੇਗੀ।’’ ਉਨ੍ਹਾਂ ਸਵੈ-ਅਨੁਸ਼ਾਸਨ ਦੀ ਮਹੱਤਤਾ ਦਰਸਾਉਂਦਿਆਂ ਕਿਹਾ, ‘ਅਸੀਂ ਬਹੁਤ ਤੇਜ਼ੀ ਨਾਲ ਬਦਲ ਰਹੀ ਦੁਨੀਆਂ ਵਿੱਚ ਰਹਿੰਦੇ ਹਾਂ ਅਤੇ ਨੌਜਵਾਨ ਹੋਣ ਦੇ ਨਾਤੇ ਤੁਸੀਂ ਦੇਸ਼ ਵਿਚ ਲੋੜੀਂਦੀ ਤਬਦੀਲੀ ਲਈ ਪ੍ਰੇਰਕ ਸ਼ਕਤੀ ਬਣਨ ਲਈ ਤਿਆਰ ਰਹੋ। ਇਹ ਤਾਂ ਹੀ ਹੋਵੇਗਾ ਜੇ ਤੁਸੀਂ ਅਨੁਸ਼ਾਸਨ ਵਿਚ ਰਹੋਗੇ ਕਿਉਂਕਿ ਜੀਵਨ ਵਿਚ ਅਨੁਸ਼ਾਸਨ ਵਿਚ ਰਹਿਣਾ ਵੱਡੀ ਤਾਕਤ ਹੈ।’ ਉਨ੍ਹਾਂ ਬੱਚਿਆਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਬੱਚਿਆਂ ਨੂੰ ਭਵਿੱਖ ਦੇ ਆਗੂ, ਜਨਰਲ, ਐਡਮਿਰਲ ਅਤੇ ਖਿਡਾਰੀਆਂ ਵਜੋਂ ਦੇਖਦੇ ਹਨ। ਉਨ੍ਹਾਂ ਬੱਚਿਆਂ ਨੂੰ ਆਰਾਮ ਕਰਨ ਦੀ ਥਾਂ ਕੰਮ ਕਰਨ ਲਈ ਪ੍ਰੇਰਿਆ। ਇਸ ਤੋਂ ਪਹਿਲਾਂ ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਨੇ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਰੇਂਜ ਨਾਲ ਨਿਸ਼ਾਨੇਬਾਜ਼ੀ ਦੇ ਹੁਨਰ ਨੂੰ ਨਿਖਾਰਨ ਵਿਚ ਮਦਦ ਮਿਲੇਗੀ।
ਜ਼ਿਕਰਯੋਗ ਹੈ ਕਿ ਇਥੇ ਪਾਵਰਪਲੇਅ ਜਿਮਨੇਜ਼ੀਅਮ ਦਾ ਉਦਘਾਟਨ ਬੀਤੇ ਦਿਨ ਹਿਮਾਚਲ ਪ੍ਰਦੇਸ਼ ਦੇ ਡੀਜੀਪੀ ਸੰਜੈ ਕੁੰਡੂ ਨੇ ਕੀਤਾ ਸੀ। ਇਸ ਮੌਕੇ ਢੋਲ ਦੀ ਥਾਪ ’ਤੇ ਵਿਦਿਆਰਥੀਆਂ ਨੇ ਭੰਗੜਾ ਪਾਇਆ ਤੇ ਲੜਕੀਆਂ ਨੇ ਗਿੱਧਾ ਪਾ ਕੇ ਜਸ਼ਨ ਵਾਲਾ ਮਾਹੌਲ ਬਣਾਇਆ। ਇਸ ਮੌਕੇ ਡਾ. (ਕੈਪਟਨ) ਜੀ.ਐਸ. ਢਿੱਲੋਂ ਵਲੋਂ ਸਕੂਲ ਦੀ ਵਿਸਥਾਰਤ ਰਿਪੋਰਟ ਪੇਸ਼ ਕੀਤੀ ਗਈ।