ਕਰਾਦ, 3 ਜੁਲਾਈ
ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਮੁਖੀ ਸ਼ਰਦ ਪਵਾਰ (82) ਨੇ ਕਿਹਾ ਹੈ ਕਿ ਮਹਾਰਾਸ਼ਟਰ ਅਤੇ ਦੇਸ਼ ’ਚ ਫਿਰਕੂ ਵੰਡੀਆਂ ਪੈਦਾ ਕਰਨ ਵਾਲੀਆਂ ਤਾਕਤਾਂ ਨਾਲ ਲੜਨ ਦੀ ਲੋੜ ਹੈ। ਭਤੀਜੇ ਅਜੀਤ ਪਵਾਰ ਦੀ ਅਗਵਾਈ ਹੇਠ 8 ਵਿਧਾਇਕਾਂ ਵੱਲੋਂ ਕੀਤੀ ਗਈ ਬਗ਼ਾਵਤ ਦੇ ਇਕ ਦਿਨ ਮਗਰੋਂ ਐੱਨਸੀਪੀ ਵਰਕਰਾਂ ਅਤੇ ਸਮਰਥਕਾਂ ਨੂੰ ਕਰਾਦ ’ਚ ਸੰਬੋਧਨ ਕਰਦਿਆਂ ਸ਼ਰਦ ਪਵਾਰ ਨੇ ਕਿਹਾ,‘‘ਸਾਡੇ ਕੁਝ ਲੋਕ ਭਾਜਪਾ ਦੀਆਂ ਹੋਰ ਪਾਰਟੀਆਂ ਨੂੰ ਤੋੜਨ ਦੀ ਚਾਲ ਦਾ ਸ਼ਿਕਾਰ ਬਣ ਗਏ ਹਨ।’’ ਸ੍ਰੀ ਪਵਾਰ ਨੇ ਆਪਣੇ ਮਾਰਗਦਰਸ਼ਕ ਅਤੇ ਮਹਾਰਾਸ਼ਟਰ ਦੇ ਪਹਿਲੇ ਮੁੱਖ ਮੰਤਰੀ ਯਸ਼ਵੰਤਰਾਓ ਚੌਹਾਨ ਦੀ ਯਾਦਗਾਰ ’ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਗੁਰੂ ਪੂਰਨਿਮਾ ਮੌਕੇ ਮਰਹੂਮ ਚੌਹਾਨ ਨੂੰ ਸ਼ਰਦ ਪਵਾਰ ਵੱਲੋਂ ਸ਼ਰਧਾਂਜਲੀ ਦੇਣ ਦੇ ਪ੍ਰੋਗਰਾਮ ਨੂੰ ਤਾਕਤ ਦਾ ਮੁਜ਼ਾਹਰਾ ਕਰਾਰ ਦਿੱਤਾ ਜਾ ਰਿਹਾ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਸ਼ਰਦ ਪਵਾਰ ਨੇ ਕਿਹਾ ਕਿ ਮਹਾਰਾਸ਼ਟਰ ਅਤੇ ਦੇਸ਼ ’ਚ ਫਿਰਕੂ ਵੰਡੀਆਂ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ‘ਸਾਨੂੰ ਆਪਣੇ ਨਾਗਰਿਕਾਂ ’ਚ ਡਰ ਪੈਦਾ ਕਰਨ ਵਾਲੀਆਂ ਤਾਕਤਾਂ ਖ਼ਿਲਾਫ਼ ਲੜਨ ਦੀ ਲੋੜ ਹੈ। ਸਾਨੂੰ ਦੇਸ਼ ’ਚ ਜਮਹੂਰੀਅਤ ਦੀ ਰੱਖਿਆ ਕਰਨ ਦੀ ਲੋੜ ਹੈ।’ ਐੱਨਸੀਪੀ ਮੁਖੀ ਨੇ ਕਿਹਾ ਕਿ ਇਕ ਗਲਤ ਕਿਸਮ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਸੇ ਨੇ ਸੂਬੇ ’ਚ ਪਾਰਟੀ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਫਿਰਕੂ ਵਿਚਾਰਧਾਰਾ ਜ਼ਰੀਏ ਦੇਸ਼ ਦੇ ਮੁੱਦਿਆਂ ਨੂੰ ਅੱਗੇ ਲਿਜਾਣਾ ਹੈ ਅਤੇ ਇਸੇ ਰੁਝਾਨ ਨੇ ਸੂਬੇ ’ਚ ਉਥਲ-ਪੁਥਲ ਕਰਨ ’ਚ ਇਹੋ ਰੁਖ਼ ਅਪਣਾਇਆ ਹੈ। ਬਦਕਿਸਮਤੀ ਨਾਲ ਸਾਡੇ ਕੁਝ ਸਾਥੀ ਇਨ੍ਹਾਂ ਤਰਕੀਬਾਂ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਾਹੂ ਮਹਾਰਾਜ, ਫੂਲੇ ਅਤੇ ਅੰਬੇਦਕਰ ਦੀ ਧਰਤੀ ਮਹਾਰਾਸ਼ਟਰ ਦੇ ਲੋਕ ਹੋਰ ਪਾਰਟੀਆਂ ਨੂੰ ਤੋੜਨ ’ਚ ਭੂਮਿਕਾ ਨਿਭਾਉਣ ਵਾਲੇ ਇਨ੍ਹਾਂ ਰੁਝਾਨਾਂ ਨੂੰ ਉਨ੍ਹਾਂ ਦੀ ਸਹੀ ਥਾਂ ਦਿਖਾਉਣਗੇ। ‘ਅਗਲੇ ਕੁਝ ਮਹੀਨਿਆਂ ’ਚ ਸਾਨੂੰ ਲੋਕਾਂ ’ਚ ਜਾਣ ਦਾ ਮੌਕਾ ਮਿਲੇਗਾ ਅਤੇ ਉਨ੍ਹਾਂ ਦੀ ਸਹਾਇਤਾ ਨਾਲ ਅਸੀਂ ਅਜੇ ਰੁਝਾਨਾਂ ਨੂੰ ਲਾਂਭੇ ਕਰ ਦੇਵਾਂਗੇ ਅਤੇ ਮੁੜ ਤੋਂ ਅਜਿਹਾ ਪ੍ਰਬੰਧ ਤਿਆਰ ਕਰਾਂਗੇ ਜੋ ਆਮ ਲੋਕਾਂ ਦੇ ਹਿੱਤ ’ਚ ਕੰਮ ਕਰੇਗਾ।’ ਉਨ੍ਹਾਂ ਕਿਹਾ ਕਿ ਐੱਨਸੀਪੀ ਨੇ ਸੂਬੇ ’ਚ ਆਮ ਸਹਿਮਤੀ ਬਣਾਉਣ ਦਾ ਫ਼ੈਸਲਾ ਲਿਆ ਹੈ ਅਤੇ ਉਸ ਮਿਸ਼ਨ ਦੀ ਸ਼ੁਰੂਆਤ ਗੁਰੂ ਪੂਰਨਿਮਾ ਮੌਕੇ ਕਰਾਡ ਤੋਂ ਹੋ ਗਈ ਹੈ ਜਿਥੇ ਯਸ਼ਵੰਤਰਾਓ ਚੌਹਾਨ ਦੀ ਯਾਦਗਾਰ ਮੌਜੂਦ ਹੈ। ਸ਼ਰਦ ਪਵਾਰ ਨੇ ਕਿਹਾ ਕਿ ਉਹ ਊਧਵ ਠਾਕਰੇ ਦੀ ਅਗਵਾਈ ਹੇਠਲੇ ਮਹਾ ਵਿਕਾਸ ਅਗਾੜੀ ਤਹਿਤ ਇਕਜੁੱਟ ਹੋਏ ਸਨ ਅਤੇ ਸਰਕਾਰ ਬਣਾਈ ਸੀ ਪਰ ਕੁਝ ਲੋਕਾਂ ਨੇ ਸਰਕਾਰ ਡੇਗ ਦਿੱਤੀ ਸੀ। -ਪੀਟੀਆਈ