ਸ਼ਿਮਲਾ:
ਮੁੱਖ ਅੰਸ਼
- ਦੋ ਰੋਜ਼ਾ ਦੌਰੇ ’ਤੇ ਹਿਮਾਚਲ ਪ੍ਰਦੇਸ਼ ਪੁੱਜੇ ਪ੍ਰਧਾਨ ਮੰਤਰੀ
- ਧਰਮਸ਼ਾਲਾ ਵਿੱਚ ਭਰਵਾਂ ਸਵਾਗਤ
ਨੀਤੀ ਆਯੋਗ ਵੱਲੋਂ ਕਰਵਾਏ ‘ਆਲ ਇੰਡੀਆ ਚੀਫ਼ ਸੈਕਟਰੀ’ਜ ਕਨਕਲੇਵ’ ਦੇ ਦੂਜੇ ਦਿਨ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ। ਕਨਕਲੇਵ ਵਿੱਚ ਸਥਾਨਕ ਸ਼ਾਸਨ ਲਾਗੂ ਕਰਨ, ਫ਼ਸਲੀ ਵਿਭਿੰਨਤਾ, ਨਵੀਂ ਸਿੱਖਿਆ ਨੀਤੀ ਤੇ ਖੇਤੀ ਜਿਣਸਾਂ ਵਿੱਚ ਆਤਮ-ਨਿਰਭਰਤਾ ’ਤੇ ਚਰਚਾ ਹੋਈ। ਕੇਂਦਰ ਤੇ ਸੂਬਿਆਂ ਨਾਲ ਸਾਂਝੇਦਾਰੀ ’ਚ ਤੇਜ਼ ਤੇ ਲਗਾਤਾਰ ਆਰਥਿਕ ਵਿਕਾਸ ’ਤੇ ਧਿਆਨ ਕੇਂਦਰਤ ਕੀਤੇ ਜਾਣ ਦਾ ਵੀ ਖਾਕਾ ਤਿਆਰ ਕਰਨ ਬਾਰੇ ਚਰਚਾ ਹੋਈ। ਕਾਨਫਰੰਸ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਤੋਂ ਇਲਾਵਾ, ਵੱਖ-ਵੱਖ ਖੇਤਰਾਂ ਦੇ ਲਗਭਗ 200 ਮਾਹਿਰ ਹਿੱਸਾ ਲੈ ਰਹੇ ਹਨ। ਧਰਮਸ਼ਾਲਾ ਐੱਚਪੀਸੀਏ ਸਟੇਡੀਅਮ ਵਿੱਚ ਨੀਤੀ ਆਯੋਗ ਵੱਲੋਂ ਕਰਵਾਏ ਜਾ ਰਹੇ ਇਸ ਤਿੰਨ ਰੋਜ਼ਾ ਸੰਮੇਲਨ ਦਾ ਉਦਘਾਟਨ ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਬੁੱਧਵਾਰ ਨੂੰ ਕੀਤਾ ਸੀ। ਇਹ ਸੰਮੇਲਨ ਸ਼ੁੱਕਰਵਾਰ ਨੂੰ ਸਮਾਪਤ ਹੋਵੇਗਾ।
ਪ੍ਰਧਾਨ ਮੰਤਰੀ ਅੱਜ ਹੀ ਹਿਮਾਚਲ ਪ੍ਰਦੇਸ਼ ਦੇ ਦੋ ਰੋਜ਼ਾ ਦੌਰੇ ’ਤੇ ਸੈਲਾਨੀ ਕੇਂਦਰ ਧਰਮਸ਼ਾਲਾ ਪੁੱਜੇ। ਸਵੇਰੇ ਧਰਮਸ਼ਾਲਾ ਪੁੱਜਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਕਾਂ ਨੇ ਭਰਵਾਂ ਸਵਾਗਤ ਕੀਤਾ। ਇਸ ਮਗਰੋਂ ਪ੍ਰਧਾਨ ਮੰਤਰੀ ਨੇ ਇੱਕ ਰੋਡ ਸ਼ੋਅ ਕੱਢਿਆ। ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਲਈ ਵੱਖ-ਵੱਖ ਸੱਭਿਆਚਾਰਕ ਗਰੁੱਪਾਂ ਨੇ ਆਪਣੀਆਂ ਰਵਾਇਤੀ ਪੁਸ਼ਾਕਾਂ ਵਿੱਚ ਸੰਗੀਤਕ ਸਾਜ਼ਾਂ ਨਾਲ ਪੇਸ਼ਕਾਰੀ ਕੀਤੀ। ਪ੍ਰਧਾਨ ਮੰਤਰੀ ਰੋਡ ਸ਼ੋਅ ਦੌਰਾਨ ਖੁੱਲ੍ਹੀ ਜੀਪ ਵਿੱਚ ਸਵਾਰ ਸਨ। -ਪੀਟੀਆਈ
ਮੋਦੀ ਦੀ ਗੁਜਰਾਤ ਫੇਰੀ ਅੱਜ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 17 ਜੂਨ ਨੂੰ ਦੋ ਰੋਜ਼ਾ ਦੌਰੇ ’ਤੇ ਗੁਜਰਾਤ ਜਾਣਗੇ, ਜਿੱਥੇ ਉਹ ਕਈ ਪ੍ਰਾਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਰਿੰਦਰ ਮੋਦੀ 18 ਜੂਨ ਨੂੰ ਪਾਵਾਗੜ੍ਹ ਪਹਾੜੀ ਵਿੱਚ ਸ੍ਰੀ ਕਾਲਿਕਾ ਮਾਤਾ ਦੇ ਪੁਨਰ-ਵਿਕਸਿਤ ਮੰਦਰ ਦਾ ਉਦਘਾਟਨ ਕਰਨਗੇ ਅਤੇ ਇਸ ਮਗਰੋਂ ਵਿਰਾਸਤ ਵਨ ਦੀ ਯਾਤਰਾ ਕਰਨਗੇ। -ਪੀਟੀਆਈ