ਨਵੀਂ ਦਿੱਲੀ, 13 ਜੂਨ
ਖੋਜ ਰਾਹੀਂ ਖੇਤੀ ਉਤਪਾਦਨ ਵਧਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਇੱਥੇ ਅਧਿਕਾਰੀਆਂ ਨੂੰ ਦੇਸ਼ ਦੇ 113 ਖੋਜ ਕੇਂਦਰਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਅਤੇ ਉਨ੍ਹਾਂ ਦੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਕਮੀਆਂ ਦੀ ਪਛਾਣ ਕਰਨ ਦਾ ਹੁਕਮ ਦਿੱਤਾ। ਖੇਤੀਬਾੜੀ ਮੰਤਰਾਲੇ ਅਤੇ ਖੋਜ ਸੰਸਥਾਵਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਚੌਹਾਨ ਨੇ ਕਿਹਾ, ‘‘ਸਾਨੂੰ ਇਹ ਮੁਲਾਂਕਣ ਕਰਨਾ ਚਾਹੀਦਾ ਹੈ ਕਿ ਕੀ ਸਾਡੇ ਖੋਜ ਕੇਂਦਰਾਂ ਦਾ ਨੈੱਟਵਰਕ ਸੰਭਾਵਿਤ ਨਤੀਜੇ ਦੇਣ ਦੇ ਸਮਰੱਥ ਹੈ, ਕੀ ਇਹ ਠੀਕ ਢੰਗ ਨਾਲ ਕੰਮ ਕਰ ਰਿਹਾ ਹੈ ਜਾਂ ਨਹੀਂ, ਜੇਕਰ ਕਮੀਆਂ ਹਨ ਤਾਂ ਇੱਕ ਵਿਸਥਾਰਤ ਰਿਪੋਰਟ ਪੇਸ਼ ਕੀਤੀ ਜਾਣੀ ਚਾਹੀਦੀ ਹੈ।’’ ਮੰਤਰੀ ਨੇ ਸਾਲ 2047 ਤੱਕ ਖੇਤੀ ਉਤਪਾਦਨ ਅਤੇ ਆਮਦਨ ਵਧਾਉਣ ਲਈ ਸਪੱਸ਼ਟ ਟੀਚੇ ਨਿਰਧਾਰਿਤ ਕਰਨ ’ਤੇ ਜ਼ੋਰ ਦਿੱਤਾ। ਉਸ ਸਮੇਂ ਭਾਰਤ ਆਪਣੀ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ। ਉਨ੍ਹਾਂ ਇਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਲਈ ਸਾਲਾਨਾ ਮੁਲਾਂਕਣ ’ਤੇ ਜ਼ੋਰ ਦਿੱਤਾ। ਚੌਹਾਨ ਨੇ ਦੇਸ਼ ਦੇ ਹੋਰ ਹਿੱਸਿਆਂ ਦੀ ਤੁਲਨਾ ਵਿੱਚ ਝਾਰਖੰਡ ਦੇ ਸਿੰਜਾਈ ਅਤੇ ਗ਼ੈਰ-ਸਿੰਜਾਈ ਖੇਤਰਾਂ ਵਿੱਚ ਘੱਟ ਉਤਪਾਦਨ ਦਾ ਜ਼ਿਕਰ ਕੀਤਾ। ਉਨ੍ਹਾਂ ਉਤਪਾਦਨ ਦੇ ਇਸ ਫ਼ਰਕ ਨੂੰ ਘੱਟ ਕਰਨ ਲਈ ਮੁਹਿੰਮ ਵਿੱਢਣ ਦਾ ਸੁਝਾਅ ਦਿੱਤਾ। -ਪੀਟੀਆਈ