ਰੂੜਕੇਲਾ, 21 ਮਾਰਚ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਵਿਗਿਆਨ ਤੇ ਤਕਨੀਕ ਦੇ ਖੇਤਰ ਵਿਚ ਔਰਤਾਂ ਦੀ ਵੱਧ ਤੋਂ ਵੱਧ ਭੂਮਿਕਾ ਯਕੀਨੀ ਬਣਾਉਣ ਦਾ ਸੱਦਾ ਦਿੱਤਾ। ਇੱਥੇ ਐਨਆਈਟੀ ਦੇ ਡਿਗਰੀ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੋਵਿੰਦ ਨੇ ਕਿਹਾ ਕਿ ‘ਤਕਨੀਕੀ ਖੇਤਰ ਵਿਚ ਮਹਿਲਾਵਾਂ ਦਾ ਵਿਕਾਸ ਤੇ ਮੁਹਾਰਤ ਦੇਸ਼ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਦੇ ਸਮਰੱਥ ਹੈ।’ ਉਨ੍ਹਾਂ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਲੜਕੀਆਂ ਨੂੰ ਉੱਚ ਸਿਖਿਆ ਲੈਣ ਦੀ ਲੋੜ ਹੈ, ਖਾਸ ਕਰ ਕੇ ਵਿਗਿਆਨ, ਤਕਨੀਕ, ਇੰਜਨੀਅਰਿੰਗ ਤੇ ਗਣਿਤ ਦੇ ਖੇਤਰ ਵਿਚ। ਇਕ ਸਰਵੇਖਣ ਦਾ ਹਵਾਲਾ ਦਿੰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਵਿਚ ਇੰਜਨੀਅਰਿੰਗ ਤੇ ਤਕਨੀਕੀ ਸੰਸਥਾਵਾਂ ’ਚ ਔਰਤਾਂ ਦੀ ਗਿਣਤੀ ਬੇਹੱਦ ਘੱਟ 20 ਪ੍ਰਤੀਸ਼ਤ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਤਕਨੀਕੀ ਸਿੱਖਿਆ ਲਈ ਪ੍ਰੇਰਿਤ ਕਰਨ ਦੀ ਲੋੜ ਹੈ। ਜਿਵੇਂ ਉਹ ਹੋਰ ਖੇਤਰਾਂ ਵਿਚ ਲੜਕਿਆਂ ਨੂੰ ਪਿੱਛੇ ਛੱਡ ਰਹੀਆਂ ਹਨ, ਇਸ ਖੇਤਰ ਵਿਚ ਚਮਕ ਸਕਦੀਆਂ ਹਨ। -ਪੀਟੀਆਈ