ਜੈਸਲਮੇਰ/ਜੈਪੁਰ, 12 ਅਗਸਤ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਚਿਨ ਪਾਇਲਟ ਤੇ ਹੋਰਨਾਂ ਬਾਗ਼ੀ ਵਿਧਾਇਕਾਂ ਦੀ ਵਾਪਸੀ ਨੂੰ ਲੈ ਕੇ ਕਾਂਗਰਸ ਦੇ ਵਿਧਾਇਕਾਂ ਦੀ ਨਾਰਾਜ਼ਗੀ ਵੱਲ ਇਸ਼ਾਰਾ ਕਰਦਿਆਂ ਅੱਜ ਕਿਹਾ ਕਿ ਇਹ ਸੁਭਾਵਿਕ ਹੈ। ਸ੍ਰੀ ਗਹਿਲੋਤ ਨੇ ਕਿਹਾ ਕਿ ਉਨ੍ਹਾਂ ਪਾਰਟੀ ਵਿਧਾਇਕਾਂ ਨੂੰ ਸਮਝਾ ਦਿੱਤਾ ਹੈ ਕਿ ਉਹ ਵਾਪਸ ਆਉਣ ਵਾਲੇ ਵਿਧਾਇਕਾਂ ਨੂੰ ਮੁਆਫ਼ ਕਰਕੇ ਇਸ ਸਭ ਕੁਝ ਨੂੰ ਭੁੱਲ ਕੇ ਅੱਗੇ ਵਧਣ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਹੁਣ ਸੂਬੇ ਦੇ ਵਿਕਾਸ ਲਈ ਸਾਰੇ ਮਿਲ ਕੇ ਕੰਮ ਕਰਨਗੇ। ਚੇਤੇ ਰਹੇ ਕਿ ਕਾਂਗਰਸ 14 ਅਗਸਤ ਤੋਂ ਸ਼ੁਰੂ ਹੋ ਰਹੇ ਅਸੈਂਬਲੀ ਇਜਲਾਸ ਤੋਂ ਪਹਿਲਾਂ ਕੋਈ ਜੋਖ਼ਮ ਲੈਣ ਦੇ ਰੌਂਅ ਵਿੱਚ ਨਹੀਂ ਹੈ। ਲਿਹਾਜ਼ਾ ਪਾਰਟੀ ਵਿਧਾਇਕਾਂ ਨੂੰ ਹਾਲ ਦੀ ਘੜੀ ਰਿਜ਼ੌਰਟ ਵਿੱਚ ਹੀ ਰੱਖਣ ਦਾ ਫੈਸਲਾ ਹੋਇਆ ਹੈ।
ਸ੍ਰੀ ਗਹਿਲੋਤ ਨੇ ਜੋਧਪੁਰ ਰਵਾਨਾ ਹੋਣ ਤੋਂ ਪਹਿਲਾਂ ਇੱਥੇ ਪੱਤਰਕਾਰਾਂ ਨੂੰ ਕਿਹਾ, ‘ਉਨ੍ਹਾਂ ਦੀ ਨਾਰਾਜ਼ਗੀ ਸੁਭਾਵਿਕ ਹੈ। ਜਿਸ ਤਰ੍ਹਾਂ ਇਹ ਸਭ ਕੁਝ ਹੋਇਆ ਤੇ ਉਨ੍ਹਾਂ ਨੂੰ ਇੰਨੇ ਦਿਨ ਹੋਟਲਾਂ ’ਚ ਰੁਕਣਾ ਪਿਆ। ਉਨ੍ਹਾਂ ਦਾ ਨਾਰਾਜ਼ ਹੋਣਾ ਸੁਭਾਵਿਕ ਸੀ।’ ਉਨ੍ਹਾਂ ਕਿਹਾ, ‘ਮੈਂ ਉਨ੍ਹਾਂ ਨੂੰ ਸਮਝਾਇਆ ਹੈ ਕਿ ਦੇਸ-ਪਰਦੇਸ ਅਤੇ ਸੂਬੇ ਦੇ ਲੋਕਾਂ ਲਈ ਤੇ ਲੋਕਤੰਤਰ ਨੂੰ ਬਚਾਉਣ ਲਈ ਕਈ ਵਾਰ ਸਾਨੂੰ ਸਹਿਣ ਵੀ ਕਰਨਾ ਪੈਂਦਾ ਹੈ।’ ਉਨ੍ਹਾਂ ਕਿਹਾ, ‘ਹੁਣ ਸਾਰੇ ਆਪਸ ’ਚ ਮਿਲ ਕੇ ਕੰਮ ਕਰਨਗੇ। ਸਾਡੇ ਜੋ ਸਾਥੀ ਚਲੇ ਗਏ ਸੀ ਹੁਣ ਉਹ ਵੀ ਵਾਪਸ ਆ ਗਏ ਹਨ। ਮੈਨੂੰ ਉਮੀਦ ਹੈ ਕਿ ਸਾਰੇ ਗਿਲੇ ਸ਼ਿਕਵੇ ਦੂਰ ਕਰਕੇ ਅਤੇ ਮਿਲ ਕੇ ਸੂਬੇ ਦੀ ਸੇਵਾ ਦਾ ਸੰਕਲਪ ਪੂਰਾ ਕਰਨਗੇ।’ ਜ਼ਿਕਰਯੋਗ ਹੈ ਕਿ ਸਚਿਨ ਪਾਇਲਟ ਦੀ ਅਗਵਾਈ ਹੇਠ ਗਹਿਲੋਤ ਤੋਂ ਨਾਰਾਜ਼ਗੀ ਜਤਾਉਣ ਵਾਲੇ 19 ਵਿਧਾਇਕ ਦਿੱਲੀ ’ਚ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਤਕਰੀਬਨ ਇੱਕ ਮਹੀਨੇ ਮਗਰੋਂ ਬੀਤੇ ਦਿਨ ਜੈਪੁਰ ਮੁੜ ਆਏ ਸਨ। -ਪੀਟੀਆਈ
ਕਾਂਗਰਸ ਦੇ ਹਮਾਇਤੀ ਵਿਧਾਇਕ ਵੀ ਜੈਪੁਰ ਪਹੁੰਚੇ
ਜੈਪੁਰ: ਕਾਂਗਰਸ ਤੇ ਉਸ ਦੇ ਹਮਾਇਤੀ ਵਿਧਾਇਕ ਅੱਜ ਦੁਪਹਿਰ ਜੈਸਲਮੇਰ ਤੋਂ ਜੈਪੁਰ ਪਹੁੰਚ ਗਏ ਹਨ। ਇਹ ਵਿਧਾਇਕ ਪਿਛਲੇ ਕਈ ਦਿਨਾਂ ਤੋਂ ਜੈਸਲਮੇਰ ਦੇ ਇੱਕ ਹੋਟਲ ’ਚ ਰੁਕੇ ਹੋਏ ਸਨ। ਉਹ ਇੱਕ ਜਹਾਜ਼ ਰਾਹੀਂ ਅੱਜ ਦੁਪਹਿਰ ਇੱਥੇ ਪਹੁੰਚੇ। ਫਿਲਹਾਲ ਉਹ ਇੱਥੇ ਇੱਕ ਹੋਟਲ ’ਚ ਰੁਕਣਗੇ। ਟਰਾਂਸਪੋਰਟ ਮੰਤਰੀ ਪ੍ਰਤਾਪ ਸਿੰਘ ਖਾਚਰਿਆਵਾਸ ਨੇ ਦੱਸਿਆ ਕਿ ਵਿਧਾਇਕ ਉਸੇ ਹੋਟਲ ’ਚ ਜਾ ਰਹੇ ਹਨ ਜਿੱਥੇ ਉਹ ਪਹਿਲਾਂ ਰੁਕੇ ਹੋਏ ਸੀ। ਉੱਥੇ ਹੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। -ਪੀਟੀਆਈ
ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ ਵਾਲੀ ਸਿਆਸਤ ਨੂੰ ਧੱਕਾ: ਅਧੀਰ
ਕੋਲਕਾਤਾ: ਲੋਕ ਸਭਾ ਵਿੱਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਅੱਜ ਕਿਹਾ ਕਿ ਰਾਜਸਥਾਨ ਦੇ ਸਿਆਸੀ ਸੰਕਟ ਦੇ ਹੱਲ ਨਾਲ ਭਾਜਪਾ ਦੀ ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ ਵਾਲੀ ਸਿਆਸਤ ਨੂੰ ਧੱਕਾ ਲੱਗਿਆ ਹੈ। ਸਚਿਨ ਪਾਇਲਟ ਜਿਹੇ ਨੌਜਵਾਨ ਆਗੂਆਂ ਨੂੰ ਪਾਰਟੀ ਦਾ ਭਵਿੱਖ ਦੱਸਦਿਆਂ ਕਾਂਗਰਸ ਦੇ ਸੀਨੀਅਰ ਸੰਸਦ ਮੈਂਬਰ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ‘ਭਾਜਪਾ ਨੂੰ ਊਸ ਦੀ ਆਪਣੀ ਹੀ ਖੇਡ ਵਿੱਚ ਹਰਾਊਣ ਵਾਲੀ’ ਸਿਆਸੀ ਸੂਝ-ਬੂਝ ਦੀ ਵੀ ਦਾਦ ਦਿੱਤੀ। ਚੌਧਰੀ ਨੇ ਕਿਹਾ, ‘‘ਰਾਜਸਥਾਨ ਦੇ ਘਟਨਾਕ੍ਰਮ ਨੇ ਇਹ ਭਰਮ ਤੋੜ ਦਿੱਤਾ ਹੈ ਕਿ ਭਾਜਪਾ ਅਤੇ ਊਸ ਦੇ ਨਾਟਕੀ ਵਿਵਹਾਰ ਨੂੰ ਹਰਾਇਆ ਨਹੀਂ ਜਾ ਸਕਦਾ। ਭਾਜਪਾ ਦੀ ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ ਵਾਲੀ ਰਾਜਨੀਤੀ ਦੀ ਹਾਰ ਹੋਈ ਹੈ।’’ ਊਨ੍ਹਾਂ ਕਿਹਾ, ‘‘ਇਹ ਦੇਖ ਦੇ ਬਹੁਤ ਖ਼ੁਸ਼ੀ ਹੋਈ ਕਿ ਭਾਜਪਾ ਨੂੰ ਆਪਣੇ ਵਿਧਾਇਕ ਇਸ ਡਰ ਕਾਰਨ ਹੋਰਨਾਂ ਸੂਬਿਆਂ ਵਿੱਚ ਲਿਜਾਣੇ ਪਏ ਕਿ ਕਿਧਰੇ ਊਹ ਕਾਂਗਰਸ ਵਿੱਚ ਨਾ ਸ਼ਾਮਲ ਹੋ ਜਾਣ।’’ -ਪੀਟੀਆਈ