ਗੁਹਾਟੀ, 13 ਅਕਤੂਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਗਿਆਨ ਆਧਾਰਿਤ ਸਮਾਜ ਤੇ ਦੇਸ਼ ਦੀਆਂ ਸਮੱਸਿਆਵਾਂ ਦੇ ਤਕਨੀਕ ਆਧਾਰਿਤ ਹੱਲ ਦੇ ਮਹੱਤਵ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਨਾਲ ਹੀ ਇਸ ਸੰਦਰਭ ’ਚ ਉੱਚ ਸਿੱਖਿਆ ਸੰਸਥਾਵਾਂ ਦੀ ਭੂਮਿਕਾ ਨੂੰ ਵੀ ਉਭਾਰਿਆ। ਸ੍ਰੀ ਮੁਰਮੂ ਆਈਆਈਟੀ ਗੁਹਾਟੀ ’ਚ ਕੇਂਦਰ ਤੇ ਰਾਜ ਸਰਕਾਰ ਦੇ ਵੱਖ ਵੱਖ ਪ੍ਰਾਜੈਕਟਾਂ ਦੇ ਡਿਜੀਟਲ ਢੰਗ ਨਾਲ ਉਦਘਾਟਨ ਕਰਨ ਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਸੰਬੋਧਨ ਕਰ ਰਹੇ ਸਨ।
ਇਨ੍ਹਾਂ ਪ੍ਰਾਜੈਕਟਾਂ ’ਚ ਕੌਮੀ ਸੁਪਰਕੰਪਿਊਟਿੰਗ ਮਿਸ਼ਨ ਤਹਿਤ ਸੁਪਰ ਕੰਪਿਊਟਰ ‘ਪਰਮ ਕਾਮਰੂਪ’ ਅਤੇ ਆਈਆਈਟੀ ਗੁਹਾਟੀ ’ਚ ਉੱਚ ਸ਼ਕਤੀ ਵਾਲੇ ਮਾਈਕਰੋਵੇਵ ਤੱਤਾਂ ਦੇ ਡਿਜ਼ਾਈਨ ਤੇ ਵਿਕਾਸ ਲਈ ਇੱਕ ਪ੍ਰਯੋਗਸ਼ਾਲਾ ਦਾ ਉਦਘਾਟਨ ਸ਼ਾਮਲ ਹੈ। ਰਾਸ਼ਟਰਪਤੀ ਨੇ ਆਈਆਈਟੀ-ਗੁਹਾਟੀ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਇਸ ਖੇਤਰ ’ਚ ਸੰਸਥਾ ਦੀ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘ਪੂਰਬ-ਉੱਤਰ ’ਚ ਇਕੋ-ਇਕ ਆਈਆਈਟੀ ਹੋਣ ਦੇ ਨਾਤੇ ਇਸ ਨੂੰ ਇਸ ਇਲਾਕੇ ਦੀਆਂ ਹੋਰ ਸੰਸਥਾਵਾਂ ਦੀ ਭਲਾਈ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਤਾਂ ਜੋ ਉਹ ਸਾਡੀਆਂ ਸਰਹੱਦਾਂ ਨੂੰ ਮਜ਼ਬੂਤ ਕਰਨ ਲਈ ਸੂਬਾ ਸਰਕਾਰ ਤੇ ਰੱਖਿਆ ਬਲਾਂ ਨਾਲ ਮਿਲ ਕੇ ਕੰਮ ਕਰ ਸਕਣ।’ ਉਨ੍ਹਾਂ ਭਾਰਤ ’ਚ ਖੋਜ ਦੀ ਸਦੀਆਂ ਪੁਰਾਣੀ ਰਵਾਇਤ ਦਾ ਵੀ ਜ਼ਿਕਰ ਕੀਤਾ ਤੇ ਇਸ ਨੂੰ ਅੱਗੇ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ। -ਪੀਟੀਆਈ
ਰਾਸ਼ਟਰਪਤੀ ਨੇ ਦੋ ਰੇਲ ਗੱਡੀਆਂ ਨੂੰ ਦਿਖਾਈ ਝੰਡੀ਼
ਅਗਰਤਲਾ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਅਗਰਤਲਾ ਰੇਲਵੇ ਸਟੇਸ਼ਨ ਤੋਂ ਦੋ ਰੇਲ ਗੱਡੀਆਂ ਅਗਰਤਲਾ-ਖੌਂਗਸਾਂਗ ਜਨ ਸ਼ਤਾਬਦੀ ਅਤੇ ਅਗਰਤਲਾ-ਕੋਲਕਾਤਾ ਐਕਸਪ੍ਰੈੱਸ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਨਾਲ ਖੇਤਰੀ ਸੰਪਰਕ ਮਜ਼ਬੂਤ ਹੋਵੇਗੀ। ਇਸ ਮੌਕੇ ਉਨ੍ਹਾਂ ਨਾਲ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ, ਕੇਂਦਰੀ ਮੰਤਰੀ ਪ੍ਰਤਿਮਾ ਭੌਮਿਕ ਤੇ ਸੂਬੇ ਦੇ ਟਰਾਂਸਪੋਰਟ ਮੰਤਰੀ ਪ੍ਰਣਜੀਤ ਸਿੰਘ ਰੌਏ ਵੀ ਹਾਜ਼ਰ ਸਨ। -ਪੀਟੀਆਈ