ਨਵੀਂ ਦਿੱਲੀ, 18 ਜੂਨ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਅੱਜ ਸ੍ਰੀਲੰਕਾ ਦੇ ਹਾਲਾਤ ਬਾਰੇ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਸਮੇਂ ਵਿੱਚ ਗੁਆਂਢੀ ਮੁਲਕ ਸ੍ਰੀਲੰਕਾ ਨਾਲ ਖੜ੍ਹੇ ਹੋਣ ਲਈ ਸਾਰੀਆਂ ਧਿਰਾਂ ਦੇ ਸਮਰਥਨ ਦੀ ਲੋੜ ਹੈ। ਉਨ੍ਹਾਂ ਵਿਦੇਸ਼ ਮਾਮਲਿਆਂ ਬਾਰੇ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਸੰਸਦ ਮੈਂਬਰਾਂ ਨਾਲ ਤਸਵੀਰਾਂ ਵੀ ਪੋਸਟ ਕੀਤੀਆਂ। ਮੀਟਿੰਗ ਵਿੱਚ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ, ਮੀਨਾਕਸ਼ੀ ਲੇਖੀ ਅਤੇ ਰਾਜਕੁਮਾਰ ਰੰਜਨ ਸਿੰਘ ਤੋਂ ਇਲਾਵਾ ਵਿਰੋਧੀ ਪਾਰਟੀਆਂ ਦੇ ਆਗੂ ਜਿਵੇਂ ਕਿ ਸ਼ਿਵ ਸੈਨਾ ਦੀ ਪ੍ਰਿਯੰਕਾ ਚਤੁਰਵੇਦੀ ਅਤੇ ਡੀਐੱਮਕੇ ਦੇ ਤਿਰੁਚੀ ਸਿਵਾ ਵੀ ਹਾਜ਼ਰ ਸਨ। ਜੈਸ਼ੰਕਰ ਨੇ ਕਿਹਾ, ‘‘ਸ੍ਰੀਲੰਕਾ ਵਿੱਚ ਹਾਲਾਤ ਸਬੰਧੀ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਸਾਕਾਰਾਤਮਕ ਮਾਹੌਲ ਵਿੱਚ ਵੱਖ-ਵੱਖ ਮੁੱਦਿਆਂ ਅਤੇ ਭਾਰਤ ਦੀ ਭੂਮਿਕਾ ਬਾਰੇ ਇਕ ਵਧੀਆ ਚਰਚਾ ਹੋਈ। ਇਸ ਮੁਸ਼ਕਿਲ ਸਮੇਂ ਵਿੱਚ ਆਪਣੇ ਗੁਆਂਢੀ ਮੁਲਕ ਨਾਲ ਖੜ੍ਹੇ ਹੋਣ ਲਈ ਸਾਰੀਆਂ ਧਿਰਾਂ ਦੇ ਸਮਰਥਨ ਦੀ ਲੋੜ ਹੈ।’’ ਜ਼ਿਕਰਯੋਗ ਹੈ ਕਿ ਸ੍ਰੀਲੰਕਾ ਇਸ ਵੇਲੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਜਿਸ ਕਾਰਨ ਉੱਥੇ ਅਨਾਜ, ਦਵਾਈਆਂ, ਰਸੋਈ ਗੈਸ ਅਤੇ ਤੇਲ ਆਦਿ ਵਰਗੀਆਂ ਜ਼ਰੂਰੀ ਵਸਤਾਂ ਦੀ ਭਾਰੀ ਤੋਟ ਹੋ ਗਈ ਹੈ। ਇਨ੍ਹਾਂ ਮਾੜੇ ਆਰਥਿਕ ਹਾਲਾਤ ਸਬੰਧੀ ਉੱਥੋਂ ਦੇ ਲੋਕਾਂ ਵਿਚਾਲੇ ਵਧ ਰਹੇ ਰੋਹ ਦਰਮਿਆਨ ਭਾਰਤ ਵੱਲੋਂ ਇਸ ਸਾਲ ਜਨਵਰੀ ਤੋਂ ਦਿੱਤੇ ਜਾ ਰਹੇ ਕਰਜ਼ੇ ਨੇ ਸ੍ਰੀਲੰਕਾ ਨੂੰ ਰਾਹਤ ਦਿੱਤੀ ਹੈ। -ਪੀਟੀਆਈ