ਨਵੀਂ ਦਿੱਲੀ, 11 ਸਤੰਬਰ
ਓਲੰਪਿਕ ਸੋਨ ਤਗ਼ਮਾ ਜੇਤੂ ਜੈਵਲਿਨ ਥਰੋਅਰ ਵਾਲੇ ਖਿਡਾਰੀ ਨੀਰਜ ਚੋਪੜਾ ਨੇ ਅੱਜ ਆਪਣੇ ਮਾਤਾ-ਪਿਤਾ ਨੂੰ ਜਹਾਜ਼ ਦਾ ਪਹਿਲਾ ਸਫ਼ਰ ਕਰਵਾ ਕੇ ਆਪਣਾ ਇਕ ਹੋਰ ਸੁਫ਼ਨਾ ਪੂਰਾ ਕੀਤਾ।
ਚੋਪੜਾ ਆਪਣੇ ਪਿਤਾ ਸਤੀਸ਼ ਕੁਮਾਰ ਅਤੇ ਮਾਂ ਸਰੋਜ ਦੇਵੀ ਨਾਲ ਕਰਨਾਟਕ ਦੇ ਬੈਲਾਰੀ ਸਥਿਤ ਇੰਸਪਾਇਰ ਇੰਸਟੀਚਿਊਟ ਆਫ਼ ਸਪੋਰਟਸ (ਆਈਆਈਐੱਸ) ਵਿਚ ਆਪਣੇ ਪ੍ਰੋਮੋਟਰ ਜੇਐੱਸਡਬਲਿਊ ਸਪੋਰਟਸ ਵੱਲੋਂ ਕਰਵਾਏ ਗਏ ਇਕ ਪ੍ਰੋਗਰਾਮ ਵਿਚ ਹਿੱਸਾ ਲੈਣ ਜਾ ਰਿਹਾ ਸੀ। ਚੋਪੜਾ ਨੇ ਜਹਾਜ਼ ਵਿਚ ਆਪਣੀ ਅਤੇ ਆਪਣੇ ਮਾਪਿਆਂ ਦੀਆਂ ਤਸਵੀਰਾਂ ਨਾਲ ਟਵੀਟ ਕੀਤਾ, ‘‘ਮੇਰਾ ਇਕ ਛੋਟਾ ਜਿਹਾ ਸੁਫ਼ਨਾ ਅੱਜ ਸੱਚ ਹੋ ਗਿਆ ਕਿਉਂਕਿ ਮੈਂ ਆਪਣੇ ਮਾਪਿਆਂ ਨੂੰ ਜਹਾਜ਼ ਦੇ ਉਨ੍ਹਾਂ ਦੇ ਪਹਿਲੇ ਸਫ਼ਰ ’ਤੇ ਲੈ ਕੇ ਜਾਣ ਵਿਚ ਸਫ਼ਲ ਹੋਇਆ।’’ ਨੀਰਜ ਚੋਪੜਾ ਅਤੇ ਉਸ ਦੇ ਮਾਤਾ-ਪਿਤਾ ਤੋਂ ਇਲਾਵਾ ਇਸ ਜਹਾਜ਼ ਵਿਚ ਉਸ ਦਾ ਕੋਚ ਤੇ ਜਰਮਨੀ ਦਾ ਬਾਇਓਮਕੈਨਿਕ ਮਾਹਿਰ ਕਲੌਜ਼ ਬਾਰਟੋਨੀਟਜ਼ ਤੇ ਓਲੰਪੀਅਨ ਮੁੱਕੇਬਾਜ਼ ਸਤੀਸ਼ ਕੁਮਾਰ ਵੀ ਬੈਠੇ ਦਿਖ ਰਹੇ ਹਨ। 23 ਸਾਲਾ ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ਖੇਡਾਂ ਵਿਚ ਅਥਲੈਟਿਕਸ ’ਚ ਭਾਰਤ ਦਾ ਪਹਿਲਾ ਓਲੰਪਿਕ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ ਸੀ। -ਪੀਟੀਆਈ