ਨਵੀਂ ਦਿੱਲੀ, 16 ਜੂਨ
ਮੈਡੀਕਲ ਕਾਲਜਾਂ ਵਿੱਚ ਦਾਖ਼ਲੇ ਸਬੰਧੀ ਨੀਟ ਪ੍ਰੀਖਿਆ ਦੇ ਚੱਲ ਰਹੇ ਵਿਵਾਦ ਦਰਮਿਆਨ ਸਾਬਕਾ ਮਨੁੱਖੀ ਸਰੋਤ ਵਿਕਾਸ ਮੰਤਰੀ ਕਪਿਲ ਸਿੱਬਲ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਵੱਲੋਂ ਨਿਯੁਕਤ ਅਧਿਕਾਰੀਆਂ ਤੋਂ ਕਰਵਾਈ ਜਾਵੇ। ਉਨ੍ਹਾਂ ਸਰਕਾਰ ਨੂੰ ਕਿਹਾ ਕਿ ਉਹ ਭਵਿੱਖ ’ਚ ਪ੍ਰੀਖਿਆ ਕਰਾਉਣ ਲਈ ਸਾਰੇ ਸੂਬਿਆਂ ਨਾਲ ਵਿਚਾਰ-ਵਟਾਂਦਰਾ ਕਰੇ।
ਰਾਜ ਸਭਾ ਮੈਂਬਰ ਨੇ ਖ਼ਬਰ ਏਜੰਸੀ ਨੂੰ ਦਿੱਤੇ ਇੰਟਰਵਿਊ ’ਚ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਵੀ ਨਿਸ਼ਾਨੇ ਸੇਧੇ ਅਤੇ ਕਿਹਾ ਕਿ ਜੇਕਰ ਕਿਸੇ ਪ੍ਰੀਖਿਆ ਦੀ ਪ੍ਰਣਾਲੀ ਹੀ ਭ੍ਰਿਸ਼ਟ ਹੋ ਜਾਵੇ ਤਾਂ ‘ਪ੍ਰਧਾਨ ਮੰਤਰੀ ਲਈ ਚੁੱਪ ਵੱਟਣਾ ਠੀਕ ਨਹੀਂ ਹੈ।’ ਉਨ੍ਹਾਂ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਨੀਟ ਪ੍ਰੀਖਿਆ ’ਚ ਗੜਬੜੀ ਦੇ ਮਾਮਲੇ ਨੂੰ ਸੰਸਦ ਦੇ ਆਗਾਮੀ ਸੈਸ਼ਨ ’ਚ ਜ਼ੋਰਦਾਰ ਤਰੀਕੇ ਨਾਲ ਚੁੱਕਿਆ ਜਾਵੇ। ਹਾਲਾਂਕਿ ਸਿੱਬਲ ਨੇ ਆਖਿਆ ਕਿ ਇਸ ’ਤੇ ਚਰਚਾ ਹੋਣ ਦੀ ਉਮੀਦ ਘੱਟ ਹੈ ਕਿਉਂਕਿ ਸਰਕਾਰ ਇਹ ਮਾਮਲਾ ਸੁਪਰੀਮ ਕੋਰਟ ’ਚ ਵਿਚਾਰ ਅਧੀਨ ਹੋਣ ਦਾ ਹਵਾਲਾ ਦੇ ਕੇ ਇਸ ’ਤੇ ਚਰਚਾ ਦੀ ਮਨਜ਼ੂਰੀ ਨਹੀਂ ਦੇਵੇਗੀ।
ਉਨ੍ਹਾਂ ਕਿਹਾ, “ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਅਸਲ ’ਚ ਗੜਬੜੀ ਕੀਤੀ ਹੈ ਅਤੇ ਡਾਕਟਰ ਬਣਨ ਲਈ ਕਰਵਾਈ ਜਾਣ ਵਾਲੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਪਹਿਲਾਂ ਹੀ ਮੁਹੱਈਆ ਕਰਵਾਉਣ ਦੇ ਭ੍ਰਿਸ਼ਟ ਵਰਤਾਰੇ ਨੂੰ ਮੀਡੀਆ ਅਦਾਰਿਆਂ ਨੇ ਸਾਹਮਣੇ ਲਿਆਂਦਾ ਹੈ।’’ ਸਿੱਬਲ ਮੁਤਾਬਕ, ‘‘ਗੁਜਰਾਤ ਦੀਆਂ ਕੁਝ ਘਟਨਾਵਾਂ ਤੋਂ ਮੈਂ ਹੈਰਾਨ ਹਾਂ ਤੇ ਇਹ ਦੇਸ਼ ਲਈ ਚਿੰਤਾ ਦਾ ਸਬੱਬ ਹਨ। ਮੈਨੂੰ ਜਾਪਦਾ ਹੈ ਕਿ ਐੱਨਟੀਏ ਵੱਲੋਂ ਇਨ੍ਹਾਂ ਗੰਭੀਰ ਸਵਾਲਾਂ ਦੇ ਜਵਾਬ ਦਿੱਤੇ ਜਾਣੇ ਚਾਹੀਦੇ ਹਨ।’’
ਉਨ੍ਹਾਂ ਕਿਹਾ ਕਿ ਹੈਰਾਨੀ ਅਤੇ ਨਿਰਾਸ਼ਾ ਵਾਲੀ ਗੱਲ ਹੈ ਕਿ ਜਦੋਂ ਵੀ ਕੋਈ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ‘ਅੰਧ ਭਗਤ’ ਯੂਪੀਏ ’ਤੇ ਦੋਸ਼ ਮੜ੍ਹਨ ਲੱਗ ਪੈਂਦੇ ਹਨ। ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵੱਲੋਂ ਨੀਟ ਦਾ ਪੇਪਰ ਲੀਕ ਹੋਣ ਦੇ ਦੋਸ਼ਾਂ ਨੂੰ ਨਕਾਰੇ ਜਾਣ ’ਤੇ ਸਿੱਬਲ ਨੇ ਕਿਹਾ ਕਿ ਉਹ ਸੋਸ਼ਲ ਮੀਡੀਆ ’ਤੇ ਦੇਖ ਸਕਦੇ ਹਨ ਕਿ ਗੁਜਰਾਤ ’ਚ ਇਹ ਕਿਵੇਂ ਲੀਕ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ’ਚ ਕੋਈ ਵੀ ਮੰਤਰੀ ਅਜਿਹਾ ਨਹੀਂ ਹੈ ਜੋ ਕੁਝ ਵੀ ਗਲਤ ਹੋਣ ਦੀ ਗੱਲ ਕਬੂਲਦਾ ਹੈ। ਉਨ੍ਹਾਂ ਭਾਜਪਾ ’ਤੇ ਤਨਜ਼ ਕਸਦਿਆਂ ਕਿਹਾ ਕਿ ਗੁਜਰਾਤ ਤਰੱਕੀ ਵਾਲੇ ਸੂਬਿਆਂ ’ਚੋਂ ਇਕ ਹੈ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਵੀ ਉਸ ਨੇ ਤਰੱਕੀ
ਕੀਤੀ ਹੈ। -ਪੀਟੀਆਈ
ਐੱਨਟੀਏ ਦੀ ਨੀਅਤ ਅਤੇ ਨੀਟ ਕਰਾਉਣ ਦੇ ਤਰੀਕੇ ’ਤੇ ਉੱਠ ਰਹੇ ਨੇ ਸਵਾਲ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਐਤਵਾਰ ਨੂੰ ਕਿਹਾ ਕਿ ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਦੀ ਨੀਅਤ ਅਤੇ ਨੀਟ ਕਰਾਉਣ ਦੇ ਤਰੀਕੇ ’ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਮੁੱਖ ਵਿਰੋਧੀ ਧਿਰ ਨੇ ਆਸ ਜਤਾਈ ਹੈ ਕਿ ਜਦੋਂ ਸੰਸਦ ਦੀਆਂ ਨਵੀਆਂ ਸਟੈਂਡਿੰਗ ਕਮੇਟੀਆਂ ਬਣਨਗੀਆਂ ਤਾਂ ਨੀਟ, ਐੱਨਟੀਏ ਅਤੇ ਐੱਨਸੀਈਆਰਟੀ ਦੀ ਡੂੰਘਾਈ ਨਾਲ ਸਮੀਖਿਆ ਕੀਤੀ ਜਾਵੇਗੀ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ,‘‘ਮੈਂ 2014 ਅਤੇ 2019 ਦਰਮਿਆਨ ਸੰਸਦ ਦੀ ਸਿਹਤ ਅਤੇ ਪਰਿਵਾਰ ਕਲਿਆਣ ਸਬੰਧੀ ਸਥਾਈ ਕਮੇਟੀ ਦਾ ਮੈਂਬਰ ਸੀ। ਮੈਂ ਉਸ ਸਮੇਂ ਨੀਟ ਲਈ ਮਿਲਣ ਵਾਲੇ ਸਮਰਥਨ ਚੇਤੇ ਕਰਦਾ ਹਾਂ ਪਰ ਅਜਿਹੇ ਵੀ ਸੰਸਦ ਮੈਂਬਰ ਸਨ, ਖਾਸ ਕਰਕੇ ਤਾਮਿਲ ਨਾਡੂ ਦੇ, ਜਿਨ੍ਹਾਂ ਚਿੰਤਾ ਜਤਾਈ ਸੀ ਕਿ ਨੀਟ ਨਾਲ ਸੀਬੀਐੱਸਈ ਦੇ ਵਿਦਿਆਰਥੀਆਂ ਨੂੰ ਲਾਭ ਮਿਲੇਗਾ ਅਤੇ ਦੂਜੇ ਬੋਰਡਾਂ ਅਤੇ ਸਕੂਲਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਨੁਕਸਾਨ ਪੁੱਜੇਗਾ।’’
ਉਨ੍ਹਾਂ ਕਿਹਾ ਕਿ ਹੁਣ ਜਾਪਦਾ ਹੈ ਕਿ ਸੀਬੀਐੱਸਈ ਸਬੰਧੀ ਮੁੱਦੇ ’ਤੇ ਢੁੱਕਵੇਂ ਅਧਿਐਨ ਦੀ ਲੋੜ ਹੈ। ‘ਕੀ ਨੀਟ ਵਿਤਕਰੇ ਵਾਲਾ ਹੈ? ਕੀ ਗਰੀਬ ਤਬਕੇ ਦੇ ਵਿਦਿਆਰਥੀਆਂ ਨੂੰ ਮੌਕੇ ਨਹੀਂ ਮਿਲ ਰਹੇ ਹਨ? ਮਹਾਰਾਸ਼ਟਰ ਜਿਹੇ ਹੋਰ ਸੂਬਿਆਂ ਨੇ ਵੀ ਨੀਟ ਨੂੰ ਲੈ ਕੇ ਗੰਭੀਰ ਸ਼ੰਕੇ ਖੜ੍ਹੇ ਕੀਤੇ ਹਨ।’ ਕਾਂਗਰਸ ਜਨਰਲ ਸਕੱਤਰ ਨੇ ਦਾਅਵਾ ਕੀਤਾ ਕਿ ਪਿਛਲੇ ਇਕ ਦਹਾਕੇ ’ਚ ਐੱਨਸੀਈਆਰਟੀ ਨੇ ਆਪਣਾ ਪੇਸ਼ੇਵਰ ਰਵੱਈਆ ਖੁਦ ਹੀ ਖ਼ਤਮ ਕਰ ਦਿੱਤਾ ਹੈ। -ਪੀਟੀਆਈ
ਨੀਟ ਇਕ ਘੁਟਾਲਾ, ਕੇਂਦਰ ਇਸ ਦਾ ਬਚਾਅ ਨਾ ਕਰੇ: ਸਟਾਲਿਨ
ਚੇਨਈ: ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਕਿਹਾ ਹੈ ਕਿ ਨੀਟ ਇਕ ਘੁਟਾਲਾ ਹੈ ਅਤੇ ਕੇਂਦਰ ਨੂੰ ਇਸ ਦਾ ਬਚਾਅ ਨਹੀਂ ਕਰਨਾ ਚਾਹੀਦਾ ਹੈ ਕਿਉਂਕਿ ਇਹ ਵਿਦਿਆਰਥੀਆਂ ਦੇ ਹਿੱਤਾਂ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਨੀਟ ਸਮਾਜਿਕ ਨਿਆਂ ਅਤੇ ਗਰੀਬਾਂ ਖ਼ਿਲਾਫ਼ ਵੀ ਹੈ। ਸਟਾਲਿਨ, ਜਿਹੜੇ ਹੁਕਮਰਾਨ ਡੀਐੱਮਕੇ ਦੇ ਪ੍ਰਧਾਨ ਵੀ ਹਨ, ਨੇ ‘ਐਕਸ’ ’ਤੇ ਕਿਹਾ ਕਿ ਨੀਟ ਨੂੰ ਲੈ ਕੇ ਚੱਲ ਰਹੇ ਵਿਵਾਦ ਇਸ ਦੇ ਬੁਨਿਆਦੀ ਤੌਰ ’ਤੇ ਅਸਮਾਨਤਾ ਵਾਲੇ ਸੁਭਾਅ ਨੂੰ ਉਜਾਗਰ ਕਰਦੇ ਹਨ।
ਉਨ੍ਹਾਂ ਕਿਹਾ ਕਿ ਇੱਕ ਅਜਿਹੇ ਸਮਾਜ ਜਿਸ ਨੂੰ ਹਜ਼ਾਰਾਂ ਸਾਲਾਂ ਤੋਂ ਸਿੱਖਿਆ ਤੋਂ ਮਹਿਰੂਮ ਰੱਖਿਆ ਗਿਆ ਹੈ, ਸਾਨੂੰ ਦੱਬੇ-ਕੁਚਲੇ ਲੋਕਾਂ ਨੂੰ ਅੱਗੇ ਵਧਣ ਦੇ ਹੋਰ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ। ਇਸ ਦੇ ਉਲਟ ਨੀਟ ਅਜਿਹੇ ਵਿਦਿਆਰਥੀਆਂ ਦੇ ਮੌਕਿਆਂ ਵਿੱਚ ਅੜਿੱਕੇ ਖੜ੍ਹੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਪੁਲੀਸ ਨੇ ਓਐੱਮਆਰ ਸ਼ੀਟਾਂ ਨਾਲ ਛੇੜਖਾਨੀ ਦੇ ਦੋਸ਼ ਹੇਠ ਐੱਫਆਈਆਰ ਦਰਜ ਕੀਤੀ ਹੈ ਅਤੇ ਉਨ੍ਹਾਂ ਮੁਲਜ਼ਮਾਂ ਤੋਂ ਕਈ ਕਰੋੜ ਰੁਪਏ ਦੇ ਚੈੱਕ ਅਤੇ ਅੱਠ ਖਾਲੀ ਚੈੱਕ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਨੀਟ ’ਚ ਵੱਡੇ ਬਦਲਾਅ ਦੀ ਲੋੜ ਹੈ ਤਾਂ ਜੋ ਹਰ ਵਰਗ ਦੇ ਵਿਦਿਆਰਥੀ ਨੂੰ ਉਸ ਦਾ ਲਾਹਾ ਮਿਲ ਸਕੇ। -ਪੀਟੀਆਈ