ਪਟਨਾ: ਸੀਬੀਆਈ ਨੇ ਨੀਟ ਪ੍ਰਸ਼ਨ ਪੱਤਰ ਲੀਕ ਮਾਮਲੇ ਦੀ ਜਾਂਚ ਸਬੰਧੀ ਅੱਜ ਇੱਥੋਂ ਦੇ ਸ਼ਾਸਤਰੀ ਨਗਰ ਥਾਣੇ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਥਾਣੇ ਵਿੱਚ ਨੀਟ ਪ੍ਰੀਖਿਆ ’ਚ ਬੇਨੇਮੀਆਂ ਤੇ ਗੜਬੜੀਆਂ ਦੇ ਮਾਮਲਿਆਂ ਸਬੰਧੀ ਪਿਛਲੇ ਮਹੀਨੇ ਪਹਿਲਾ ਕੇਸ ਦਰਜ ਕੀਤਾ ਗਿਆ ਸੀ। ਸੀਬੀਆਈ ਨੇ ਇਸ ਤੋਂ ਪਹਿਲਾਂ ਪੁਲੀਸ ਅਧਿਕਾਰੀਆਂ ਨਾਲ ਕੇਸ ਬਾਰੇ ਚਰਚਾ ਕੀਤੀ ਸੀ। ਸੀਬੀਆਈ ਨੂੰ ਕੇਸ ਸੌਂਪੇ ਜਾਣ ਤੋਂ ਪਹਿਲਾਂ ਬਿਹਾਰ ਪੁਲੀਸ ਦੀ ਅਪਰਾਧ ਸ਼ਾਖਾ ਨੇ ਐਲਾਨ ਕੀਤਾ ਕਿ ਉਸ ਨੇ ਇਸ ਮਾਮਲੇ ਦੀ ਜਾਂਚ ‘ਮੁਕੰਮਲ’ ਕਰ ਲਈ ਹੈ। ਪੁਲੀਸ ਹੁਣ ਤੱਕ 18 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਸੂਤਰਾਂ ਨੇ ਕਿਹਾ ਕਿ ਸੀਬੀਆਈ ਗ੍ਰਿਫ਼ਤਾਰ ਮੁਲਜ਼ਮਾਂ ਦਾ ਅਦਾਲਤ ਤੋਂ ਟਰਾਂਜ਼ਿਟ ਰਿਮਾਂਡ ਲੈ ਕੇ ਉਨ੍ਹਾਂ ਨੂੰ ਪੁੱਛਗਿੱਛ ਲਈ ਦਿੱਲੀ ਲਿਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀ ਤੱਥਾਂ ਬਾਰੇ ਜਿਰਹਾ ਦੌਰਾਨ ਸਾਰੇ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਇੱਕ-ਦੂਸਰੇ ਦੇ ਆਹਮੋ-ਸਾਹਮਣੇ ਵੀ ਕਰਵਾ ਸਕਦੀ ਹੈ। -ਪੀਟੀਆਈ