ਤ੍ਰਿਪੁਰਾ: ਤ੍ਰਿਪੁਰਾ ਸਰਕਾਰ ਨੇ ਅਜਿਹੇ ਸਕੂਲੀ ਵਿਦਿਆਰਥੀਆਂ ਲਈ ਨੇਬਰਹੁੱਡ ਜਮਾਤਾਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ, ਜੋ ਦੂਰੇ-ਦਰਾਡੇ ਖੇਤਰਾਂ ਵਿੱਚ ਰਹਿੰਦੇ ਹਨ ਤੇ ਉਨ੍ਹਾਂ ਕੋਲ ਟੈਲੀਵਿਜ਼ਨ ਸੈੱਟ ਜਾਂ ਮੋਬਾਈਲ ਫੋਨ ਨਹੀਂ ਹਨ। ਇਨ੍ਹਾਂ ਵਿਦਿਆਰਥੀਆਂ ਦੀਆਂ ਜਮਾਤਾਂ 20 ਅਗਸਤ ਤੋਂ ਸ਼ੁਰੂ ਹੋਣਗੀਆਂ। ਮਾਰਚ ਮਹੀਨੇ ਵਿੱਚ ਤਾਲਾਬੰਦੀ ਸ਼ੁਰੂ ਹੋਣ ਮਗਰੋਂ ਸੂਬਾ ਸਰਕਾਰ ਨੇ ਕੇਬਲ ਟੈਲੀਵਿਜ਼ਨ ਨੈੱਟਵਰਕ ਅਤੇ ਐਂਡਰਾਇਡ ਫੋਨਾਂ ਰਾਹੀਂ ਵਰਚੂਅਲ ਕਲਾਸਾਂ ਸ਼ੁਰੂ ਕੀਤੀਆਂ ਸਨ ਤਾਂ ਜੋ ਵਿਦਿਆਰਥੀ ਸਿੱਖਣ ਦੀ ਪ੍ਰਕਿਰਿਆ ਨਾਲ ਜੁੜੇ ਰਹਿਣ। ਇੱਕ ਅਧਿਕਾਰੀ ਨੇ ਦੱਸਿਆ, ‘‘ਸੂਬੇ ਦੇ ਸਿੱਖਿਆ ਵਿਭਾਗ ਵਲੋਂ ਕਰਵਾਏ ਤਾਜ਼ਾ ਸਰਵੇਖਣ ਵਿੱਚ ਪਤਾ ਲੱਗਿਆ ਹੈ ਕਿ ਸਾਰੇ ਵਿਦਿਆਰਥੀਆਂ ਦੀ ਫੋਨ ਜਾਂ ਟੀਵੀ ਤੱਕ ਪਹੁੰਚ ਨਹੀਂ ਹੈ। ਇਸ ਕਰਕੇ ਸਰਕਾਰ ਨੇ 20 ਅਗਸਤ ਤੋਂ ਨੇਬਰਹੁੱਡ ਜਮਾਤਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।’’ ਇਹ ਜਮਾਤਾਂ ਖੁੱਲ੍ਹੀ ਥਾਂ ਵਿੱਚ ਲੱਗਣਗੀਆਂ ਅਤੇ ਇੱਕੋ ਹੀ ਅਧਿਆਪਕ ਵਲੋਂ ਸਮਾਜਿਕ ਦੂਰੀ ਦੇ ਨੇਮਾਂ ਦੀ ਪਾਲਣਾ ਕਰਦਿਆਂ ਵੱਧ ਤੋਂ ਵੱਧ ਪੰਜ ਵਿਦਿਆਰਥੀਆਂ ਨੂੰ ਇੱਕ ਸਮੇਂ ’ਤੇ ਪੜ੍ਹਾਇਆ ਜਾਵੇਗਾ।
-ਪੀਟੀਆਈ