ਕਾਠਮੰਡੂ, 22 ਜੂਨ
ਨੇਪਾਲ ਨੇ ਪੁਰਾਣੇ ਰਾਜਦੂਤਾਂ ਨੂੰ ਵਾਪਸ ਸੱਦਣ ਤੋਂ ਕਰੀਬ ਦੋ ਹਫ਼ਤੇ ਬਾਅਦ ਭਾਰਤ ਸਣੇ ਅੱਠ ਦੇਸ਼ਾਂ ਲਈ ਆਪਣੇ ਰਾਜਦੂਤ ਨਾਮਜ਼ਦ ਕਰ ਦਿੱਤੇ ਹਨ। ਮੰਤਰੀ ਮੰਡਲ ਦੇ ਸੂਤਰਾਂ ਮੁਤਾਬਕ ਸਾਬਕਾ ਮੁੱਖ ਸਕੱਤਰ ਅਤੇ ਬਰਤਾਨੀਆ ’ਚ ਨੇਪਾਲ ਦੇ ਰਾਜਦੂਤ ਲੋਕਦਰਸ਼ਨ ਰੇਜਮੀ ਨੂੰ ਭਾਰਤ ਵਿੱਚ ਨੇਪਾਲ ਦਾ ਨਵਾਂ ਰਾਜਦੂਤ ਨਾਮਜ਼ਦ ਕੀਤਾ ਗਿਆ ਹੈ। ਰੇਜਮੀ ਪਹਿਲਾਂ ਗ੍ਰਹਿ ਸਕੱਤਰ, ਵਿੱਤ ਸਕੱਤਰ ਅਤੇ ਜ਼ਮੀਨ ਸੁਧਾਰ ਤੇ ਪ੍ਰਬੰਧਨ ਮੰਤਰਾਲੇ ਦੇ ਸਕੱਤਰ ਦੇ ਅਹੁਦੇ ’ਤੇ ਵੀ ਰਹਿ ਚੁੱਕੇ ਹਨ। ਇਹ ਫੈਸਲਾ ਨੇਪਾਲ ਦੇ ਮੰਤਰੀ ਮੰਡਲ ਵੱਲੋਂ ਸ਼ੁੱਕਰਵਾਰ ਨੂੰ ਲਿਆ ਗਿਆ। ਇਸ ਤੋਂ ਪਹਿਲਾਂ 6 ਜੂਨ ਨੂੰ ਨੇਪਾਲ ਸਰਕਾਰ ਨੇ 11 ਦੇਸ਼ਾਂ ਤੋਂ ਆਪਣੇ ਰਾਜਦੂਤ ਵਾਪਸ ਸੱਦ ਲਏ ਸਨ, ਜਿਨ੍ਹਾਂ ਵਿੱਚ ਭਾਰਤ ਤੇ ਅਮਰੀਕਾ ਵੀ ਸ਼ਾਮਲ ਸੀ। ਸਰਕਾਰ ਵੱਲੋਂ ਸਾਬਕਾ ਵਣਜ ਤੇ ਉਦਯੋਗ ਸਕੱਤਰ ਚੰਦਰ ਘਿਮਿਰੇ ਨੂੰ ਅਮਰੀਕਾ ਵਿੱਚ ਨੇਪਾਲ ਦਾ ਨਵਾਂ ਰਾਜਦੂਤ ਨਾਮਜ਼ਦ ਕੀਤਾ ਗਿਆ ਹੈ। -ਪੀਟੀਆਈ