ਨਵੀਂ ਦਿੱਲੀ/ਜਲਗਾਓਂ/ਕਾਠਮੰਡੂ/ਮਹਾਰਾਜਗੰਜ, 24 ਅਗਸਤ
ਭਾਰਤੀ ਹਵਾਈ ਸੈਨਾ ਦਾ ਇੱਕ ਵਿਸ਼ੇਸ਼ ਜਹਾਜ਼ ਨੇਪਾਲ ’ਚ ਲੰਘੇ ਦਿਨ ਦਰਿਆ ’ਚ ਬੱਸ ਡਿੱਗਣ ਕਾਰਨ ਮਾਰੇ 25 ਭਾਰਤੀ ਯਾਤਰੀਆਂ ਦੀਆਂ ਲਾਸ਼ਾਂ ਤੇ ਹਾਦਸੇ ’ਚ ਬਚੇ 10 ਹੋਰਨਾਂ ਨੂੰ ਲੈ ਕੇ ਅੱਜ ਜਲਗਾਓਂ (ਮਹਾਰਾਸ਼ਟਰ) ਪਹੁੰਚਿਆ। ਜਦਕਿ ਬੱਸ ਡਰਾਈਵਰ ਤੇ ਉਸ ਦੇ ਸਹਾਇਕ ਦੀਆਂ ਲਾਸ਼ਾਂ ਅਤੇ ਹਾਦਸੇ ’ਚ ਬਚੇ 48 ਯਾਤਰੀਆਂ ਨੂੰ ਜ਼ਮੀਨੀ ਰਸਤੇ ਅੱਜ ਸ਼ਾਮ ਨੇਪਾਲ ਤੋਂ ਮਹਾਰਾਜਗੰਜ (ਉੱਤਰ ਪ੍ਰਦੇਸ਼) ਲਿਆਂਦਾ ਗਿਆ। ਦੱਸਣਯੋਗ ਹੈ ਕਿ ਮਹਾਰਾਸ਼ਟਰ ਤੋਂ 10 ਰੋਜ਼ਾ ਦੌਰੇ ’ਤੇ ਨੇਪਾਲ ਗਏ ਯਾਤਰੀਆਂ ਦੀ ਬੱਸ ਮਰਸਯਾਂਗਦੀ ਦਰਿਆ ’ਚ ਡਿੱਗਣ ਕਾਰਨ ਘੱਟ-ਘੱਟ 27 ਵਿਅਕਤੀ ਮਾਰੇ ਗਏ ਅਤੇ 16 ਜ਼ਖਮੀ ਹੋਏ ਸਨ। ਇਹ ਸਾਰੇ ਮ੍ਰਿਤਕ ਤੇ ਜ਼ਖ਼ਮੀ ਤਿੰਨ ਬੱਸਾਂ ਰਾਹੀਂ ਨੇਪਾਲ ਗਏ 104 ਯਾਤਰੀਆਂ ਦੇ ਜਥੇ ਦਾ ਹਿੱਸਾ ਸਨ। ਹਾਦਸੇ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਇਸ ਤੋਂ ਪਹਿਲਾਂ ਮ੍ਰਿਤਕ 27 ਭਾਰਤੀਆਂ ਦੀਆਂ ਲਾਸ਼ਾਂ ਦਾ ਅੱਜ ਸਵੇਰੇ ਨੇਪਾਲ ਦੇ ਬਾਗਮਤੀ ਸੂਬੇ ’ਚ ਚਿਟਵਾਨ ਜ਼ਿਲ੍ਹੇ ਦੇ ਭਰਤਪੁਰ ਹਸਪਤਾਲ ’ਚ ਪੋਸਟਮਾਰਟਮ ਕੀਤਾ ਗਿਆ। -ਪੀਟੀਆਈ