ਨਵੀਂ ਦਿੱਲੀ, 16 ਅਗਸਤ
ਲੰਡਨ ਅਧਾਰਿਤ ਲੇਖਕ ਆਸ਼ੀਸ਼ ਰੇਅ ਦਾ ਕਹਿਣਾ ਹੈ ਕਿ ਇਸ ਨੂੰ ਤ੍ਰਾਸਦੀ ਹੀ ਕਿਹਾ ਜਾ ਸਕਦਾ ਹੈ ਕਿ ਜਿੱਥੇ ਇਕ ਪਾਸੇ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਭਾਰਤ ਵਿਚ ਐਨਾ ਸਤਿਕਾਰ ਹੈ, ਉੱਥੇ ਦੂਜੇ ਪਾਸੇ ਦੇਸ਼ਵਾਸੀਆਂ ਨੇ ਸ਼ਾਇਦ 75 ਸਾਲਾਂ ਬਾਅਦ ਵੀ ਉਨ੍ਹਾਂ ਦੀਆਂ ਅਸਥੀਆਂ ਭਾਰਤ ਲਿਆਉਣ ਦੀ ਲੋੜ ਨਹੀਂ ਸਮਝੀ। ਜ਼ਿਕਰਯੋਗ ਹੈ ਕਿ 18 ਅਗਸਤ ਨੂੰ ਬੋਸ ਦੀ 75ਵੀਂ ਬਰਸੀ ਹੈ। ਰੇਅ ਨੇਤਾਜੀ ਉਤੇ ‘ਲੇਡ ਟੂ ਰੈਸਟ: ਦੀ ਕੌਂਟਰੋਵਰਸੀ ਓਵਰ ਸੁਭਾਸ਼ ਚੰਦਰ ਬੋਸ’ਸ ਡੈੱਥ’ ਲਿਖ ਚੁੱਕੇ ਹਨ। ਰੇਅ ਨੇ ਕਿਹਾ ਕਿ ਨੇਤਾਜੀ ਦੀਆਂ ਅਸਥੀਆਂ ਟੋਕੀਓ ਦੇ ਰੇਂਕੋਜੀ ਮੰਦਰ ਵਿਚ ਸਾਂਭ ਕੇ ਰੱਖੀਆਂ ਗਈਆਂ ਹਨ। ਲੇਖਕ ਨੇ ਕਿਹਾ ਕਿ ਕੇਂਦਰ ਸਰਕਾਰ ਵਿਚ ਸਿਆਸੀ ਇੱਛਾ ਸ਼ਕਤੀ ਦੀ ਘਾਟ ਹੈ। ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਉਸ ਜ਼ਿੰਮੇਵਾਰੀ ਤੋਂ ਬਚ ਰਹੀ ਹੈ ਜੋ ਸਾਰੇ ਭਾਰਤੀਆਂ ਦਾ ਫ਼ਰਜ਼ ਹੈ। ਰੇਅ ਨੇ ਕਿਹਾ ਕਿ ਬੋਸ ਦੇ ਦੇਹਾਂਤ ਬਾਰੇ ਹੁਣ ਕੋਈ ਸ਼ੱਕ ਨਹੀਂ ਹੈ। ਭਾਰਤ, ਜਪਾਨ, ਰੂਸ ਤੇ ਬਰਤਾਨੀਆ ਬੋਸ ਨਾਲ ਜੁੜੇ ਸਾਰੇ ਦਸਤਾਵੇਜ਼ ਜਨਤਕ ਕਰ ਚੁੱਕੇ ਹਨ। ਉਨ੍ਹਾਂ ਦੀ ਮੌਤ ਤਈਪੇਈ ਦੇ ਜਪਾਨੀ ਫ਼ੌਜੀ ਹਸਪਤਾਲ ਵਿਚ ਹੋਈ ਸੀ। ਮਗਰੋਂ ਅਸਥੀਆਂ ਟੋਕੀਓ ਲਿਜਾਈਆਂ ਗਈਆਂ। ਉਨ੍ਹਾਂ ਕਿਹਾ ਕਿ ਬੋਸ ਦੇ ਪਰਿਵਾਰ ਦੇ ਗੁਮਰਾਹ ਹੋਏ ਮੈਂਬਰਾਂ, ਲੋਕਾਂ ਵਿਚ ਵਿਸ਼ੇ ਦੀ ਜਾਣਕਾਰੀ ਦੀ ਘਾਟ ਤੇ ਕੁਝ ਪ੍ਰੇਰਿਤ ਸ਼ਰਾਰਤੀਆਂ ਨੇ ਜਵਾਹਰ ਲਾਲ ਨਹਿਰੂ ਤੇ ਪੀ.ਵੀ. ਨਰਸਿਮ੍ਹਾ ਰਾਓ ਨੂੰ ਅਸਥੀਆਂ ਭਾਰਤ ਲਿਆਉਣ ਤੋਂ ਰੋਕ ਦਿੱਤਾ। -ਆਈਏਐਨਐੱਸ