ਨਵੀਂ ਦਿੱਲੀ, 30 ਮਈ
ਪਾਕਿਸਤਾਨ ਵਲੋਂ ‘ਲਾਹੌਰ ਸਮਝੌਤੇ’ ਦੀ ਉਲੰਘਣਾ ਕਰਨ ਸਬੰਧੀ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਟਿੱਪਣੀ ਦੇ ਦੋ ਦਿਨਾਂ ਬਾਅਦ ਭਾਰਤ ਨੇ ਅੱਜ ਕਿਹਾ ਕਿ ਗੁਆਂਢੀ ਮੁਲਕ ’ਚ ਇੱਕ ਨਿਰਪੱਖ ਨਜ਼ਰੀਆ ਉੱਭਰ ਰਿਹਾ ਹੈ। ਸ਼ਰੀਫ ਨੇ ਮੰਗਲਵਾਰ ਨੂੰ ਕਿਹਾ ਸੀ ਪਾਕਿਸਤਾਨ ਨੇ ਉਨ੍ਹਾਂ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਿਚਾਲੇ 1999 ਵਿੱਚ ਭਾਰਤ ਨਾਲ ਹੋਏ ਸਮਝੌਤੇ ਦੀ ‘ਉਲੰਘਣਾ’ ਕੀਤੀ ਹੈ। ਉਨ੍ਹਾਂ ਦਾ ਇਸ਼ਾਰਾ ਜਨਰਲ ਪਰਵੇਜ਼ ਮੁਸ਼ੱਰਫ ਵੱਲੋਂ ਕਾਰਗਿਲ ’ਤੇ ਕੀਤੇ ਹਮਲੇ ਵੱਲ ਸੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, ‘‘ਤੁਸੀਂ ਇਸ ਮੁੱਦੇ ’ਤੇ ਸਾਡੀ ਸਥਿਤੀ ਤੋਂ ਜਾਣੂ ਹੋ। ਮੈਨੂੰ ਇਹ ਦੁਹਰਾਉਣ ਦੀ ਲੋੜ ਨਹੀਂ ਹੈ। ਅਸੀਂ ਦੇਖ ਰਹੇ ਹਾਂ ਕਿ ਇਸ ਮਾਮਲੇ ’ਤੇ ਪਾਕਿਸਤਾਨ ਵਿੱਚ ਇੱਕ ਨਿਰਪੱਖ ਨਜ਼ਰੀਆ ਉਭਰ ਰਿਹਾ ਹੈ।’’ ਦੱਸਣਯੋਗ ਹੈ ਕਿ ਲਾਹੌਰ ਵਿੱਚ ਇਤਿਹਾਸਕ ਸਿਖਰ ਸੰਮੇਲਨ ਮਗਰੋਂ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਨਵਾਜ਼ ਸ਼ਰੀਫ ਨੇ 21 ਫਰਵਰੀ 1999 ਨੂੰ ਲਾਹੌਰ ਐਲਾਨਨਾਮੇ ’ਤੇ ਦਸਤਖ਼ਤ ਕੀਤੇ ਸਨ। ਦੋਵਾਂ ਗੁਆਂਢੀ ਮੁਲਕਾਂ ਵਿਚਾਲੇ ਸ਼ਾਂਤੀ ਤੇ ਸਥਿਰਤਾ ਦੇ ਨਜ਼ਰੀਏ ’ਤੇ ਗੱਲ ਕਰਨ ਵਾਲਾ ਇਹ ਸਮਝੌਤਾ ਸਫਲਤਾ ਦਾ ਇੱਕ ਸੰਕੇਤ ਹੈ। ਹਾਲਾਂਕਿ ਇਸ ਦੇ ਕੁਝ ਮਹੀਨਿਆਂ ਬਾਅਦ ਪਾਕਿਸਤਾਨੀ ਘੁਸਪੈਠ ਕਾਰਨ ‘ਕਾਰਗਿਲ ਜੰਗ’ ਛਿੜ ਗਈ ਸੀ। -ਪੀਟੀਆਈ