ਮੁੰਬਈ, 3 ਅਗਸਤ
ਐੱਨਸੀਪੀ (ਐੱਸਪੀ) ਆਗੂ ਸੁਪ੍ਰਿਯਾ ਸੂਲੇ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਵੱਲੋਂ ਦਿੱਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤਾਂ ਤੋਂ ਇਨਕਾਰ ਕੀਤੇ ਜਾਣ ’ਤੇ ਆਖਿਆ ਹੈ ਕਿ ਉਨ੍ਹਾਂ ਕਦੇ ਵੀ ਅਜਿਹੇ ਦੋਸ਼ ਨਹੀਂ ਲਾਏ ਹਨ। ਅਜੀਤ ਪਵਾਰ ਨੇ ਕਿਹਾ ਸੀ ਕਿ ਜੇ 2023 ’ਚ ਭਾਜਪਾ ਨਾਲ ਗੱਠਜੋੜ ਤੋਂ ਪਹਿਲਾਂ ਉਨ੍ਹਾਂ ਦੇ ਦਿੱਲੀ ਦੌਰੇ ਬਾਰੇ ਰਿਪੋਰਟਾਂ ਸਾਬਿਤ ਹੋ ਜਾਣਗੀਆਂ ਤਾਂ ਉਹ ਸਿਆਸਤ ਛੱਡ ਦੇਣਗੇ। ਸੂਲੇ ਨੇ ਕਿਹਾ ਕਿ ਉਨ੍ਹਾਂ ਕਿਸੇ ਖ਼ਿਲਾਫ਼ ਵੀ ਅਜਿਹੇ ਦੋਸ਼ ਕਦੇ ਨਹੀਂ ਲਾਏ ਹਨ। ਉਨ੍ਹਾਂ ਕਿਹਾ ਕਿ ਕਈ ਚੈਨਲਾਂ ਨੇ ਅਜੀਤ ਪਵਾਰ ਦੇ ਹਵਾਲੇ ਨਾਲ ਦਿੱਲੀ ਦੌਰੇ ਦੀ ਜਾਣਕਾਰੀ ਦਿੱਤੀ ਸੀ। ਬਾਰਾਮਤੀ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਲੋਕ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਕਿਸੇ ਦਾ ਨਾਮ ਲਏ ਬਿਨਾਂ ਇਹ ਮੁੱਦਾ ਚੁੱਕਿਆ ਸੀ ਅਤੇ ਆਧਾਰ ਰਾਹੀਂ ਵਿਅਕਤੀ ਦੀ ਪਛਾਣ ਕਰਨ ਦੀ ਮੰਗ ਕੀਤੀ ਸੀ। ਪਵਾਰ ਨੇ ਹੁਣੇ ਜਿਹੇ ਕਿਹਾ ਹੈ ਕਿ ਉਹ ਮਾਸਕ ਅਤੇ ਟੋਪੀ ਪਹਿਨ ਕੇ ਦਿੱਲੀ ’ਚ ਮੀਟਿੰਗਾਂ ਲਈ ਆਉਂਦੇ ਸਨ ਅਤੇ ਹਵਾਈ ਸਫ਼ਰ ਦੌਰਾਨ ਉਨ੍ਹਾਂ ਆਪਣਾ ਨਾਮ ਵੀ ਬਦਲ ਲਿਆ ਸੀ। -ਪੀਟੀਆਈ