ਸ੍ਰੀਨਗਰ, 9 ਸਤੰਬਰ
ਤਿੰਨੋਂ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦਰਮਿਆਨ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਇੱਥੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਖੇਤੀ ਸੁਧਾਰ ਦੇਸ਼ ਦੇ ਕਿਸਾਨਾਂ ਦੀਆਂ ਜ਼ਿੰਦਗੀਆਂ ਵਿੱਚ ਕ੍ਰਾਂਤੀ ਲਿਆਉਣਗੇ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦੀ ਪ੍ਰਤੀਕਿਰਿਆ ਅਤੇ ਚੱਲ ਰਹੇ ਅੰਦੋਲਨ ’ਤੇ ਟਿੱਪਣੀ ਤੋਂ ਇਨਕਾਰ ਕਰਦਿਆਂ ਤੋਮਰ ਨੇ ਕਿਹਾ ਕਿ ਦੇਸ਼ ਵਿੱਚ ਸਭ ਨੂੰ ਆਪਣੀ ਆਵਾਜ਼ ਉਠਾਉਣ ਦੀ ਖੁੱਲ੍ਹ ਹੈ।
ਕੇਂਦਰੀ ਖੇਤੀ ਮੰਤਰੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ,‘ਭਾਰਤ ਵਿੱਚ ਕੋਈ ਵਿਅਕਤੀ ਕੁਝ ਵੀ ਆਖ ਸਕਦਾ ਹੈ। ਹਰੇਕ ਵਿਅਕਤੀ ਨੂੰ ਆਜ਼ਾਦੀ ਹੈ। ਦੇਸ਼ ਦੇ ਕਿਸਾਨਾਂ ਦੀਆਂ ਜ਼ਿੰਦਗੀਆਂ ਵਿੱਚ ਤਿੰਨੋਂ ਖੇਤੀ ਸੁਧਾਰ ਕਾਨੂੰਨ ਕ੍ਰਾਂਤੀ ਲਿਆਉਣਗੇ।’ ਉਨ੍ਹਾਂ ਕਿਹਾ ਕਿ 30 ਵਰ੍ਹਿਆਂ ਦੀ ‘ਸਾਧਨਾ’ ਤੇ ‘ਵਿਮਰਸ਼’ ਮਗਰੋਂ ਖੇਤੀ ਸੁਧਾਰ ਕਾਨੂੰਨ ਲਿਆਂਦੇ ਗਏ ਹਨ। ਮੰਤਰੀ, ਖੇਤੀਬਾੜੀ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਆਏ ਸਨ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਵਾਰਤਾ ਕਿਉਂ ਨਹੀਂ ਕਰ ਰਹੇ ਤਾਂ ਤੋਮਰ ਨੇ ਕਿਹਾ,‘ਮੈਂ ਜੋ ਕਹਿਣਾ ਸੀ, ਪਹਿਲਾਂ ਹੀ ਕਹਿ ਚੁੱਕਿਆ ਹਾਂ ਅਤੇ ਇਸ ਵਿਸ਼ੇ ’ਤੇ ਕੁਝ ਨਹੀਂ ਆਖਾਂਗਾ।’ ਖੇਤੀਬਾੜੀ ਖੇਤਰ ਵਿੱਚ ਨਿੱਜੀ ਨਿਵੇਸ਼ ਸਬੰਧੀ ਤੋਮਰ ਨੇ ਕਿਹਾ ਕਿ ਇਸ ਖੇਤਰ ਵਿੱਚ ਲੰਬੇ ਸਮੇਂ ਤੋਂ ਕੋਈ ਸੁਧਾਰ ਨਹੀਂ ਹੋਇਆ ਸੀ ਅਤੇ ਨਿੱਜੀ ਨਿਵੇਸ਼ ਲਈ ਦਰ ਬੰਦ ਪਏ ਸਨ। ਸਰਕਾਰ ਵੀ ਨਿਵੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਉਦੋਂ ਤੱਕ ਕੋਈ ਖੇਤਰ ਅੱਗੇ ਨਹੀਂ ਵਧਦਾ ਜਦੋਂ ਤੱਕ ਨਿੱਜੀ ਨਿਵੇਸ਼ ਅਤੇ ਮਿਹਨਤ ਇਕੱਠੀ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਨਿੱਜੀ ਨਿਵੇਸ਼ ਨਾਲ ਰੁਜ਼ਗਾਰ ’ਚ ਵਾਧਾ ਹੁੰਦਾ ਹੈ, ਛੋਟੇ ਕਿਸਾਨ ਤਕਨਾਲੋਜੀ ਦੀ ਵਰਤੋਂ ਕਰਨ ਦੇ ਯੋਗ ਹੁੰਦੇ ਹਨ ਅਤੇ ਆਲਮੀ ਪੱਧਰ ਦੇ ਮਿਆਰ ਮੁਤਾਬਕ ਫ਼ਸਲਾਂ ਦੀ ਪੈਦਾਵਾਰ ਕਰਦੇ ਹਨ ਅਤੇ ਮਹਿੰਗੀਆਂ ਫ਼ਸਲਾਂ ਵੱਲ ਉਤਸ਼ਾਹਿਤ ਹੁੰਦੇ ਹਨ। -ਪੀਟੀਆਈ