ਮੁੰਬਈ, 27 ਅਗਸਤ
ਸ਼ਿਵ ਸੈਨਾ ਨੇਤਾ ਸੰਜੇ ਰਊਤ ਨੇ ਅੱਜ ਕੇਂਦਰੀ ਮੰਤਰੀ ਨਾਰਾਇਣ ਰਾਣੇ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਏ ਕੁਝ ‘ਨਵੇਂ ਨੇਤਾਵਾਂ’ ਨੇ ਦੋਵਾਂ ਪਾਰਟੀਆਂ ਵਿਚਾਲੇ ਰਿਸ਼ਤੇ ਖਰਾਬ ਕਰ ਦਿੱਤੇ ਹਨ, ਜੋ 25 ਸਾਲਾਂ ਤੋਂ ਇਕੱਠੀਆਂ ਕੰਮ ਰਹੀਆਂ ਸਨ। ਉਨ੍ਹਾਂ ਨੇ ਅਜਿਹੇ ਅਨਸਰਾਂ ਦੀ ਤੁਲਨਾ ‘ਬੰਗਲਾਦੇਸ਼ੀ ਅਤੇ ਪਾਕਿਸਤਾਨੀ ਘੁਸਪੈਠੀਆਂ’ ਨਾਲ ਕੀਤੀ, ਜਿਹੜੇ ਭਾਰਤ ਦੀ ‘ਸਮਾਜਿਕ ਏਕਤਾ ਨੂੰ ਵਿਗਾੜਦੇ ਹਨ।’
ਇਸ ਹਫ਼ਤੇ ਦੇ ਸ਼ੁਰੂ ’ਚ ਨਾਰਾਇਣ ਰਾਣੇ, ਜਿਹੜੇ 2019 ਵਿੱਚ ਭਾਜਪਾ ’ਚ ਸ਼ਾਮਲ ਹੋਏ ਸਨ ਅਤੇ ਜਿਨ੍ਹਾਂ ਨੂੰ ਪਿਛਲੇ ਮਹੀਨੇ ਕੇਂਦਰੀ ਕੈਬਨਿਟ ’ਚ ਸ਼ਾਮਲ ਕੀਤਾ ਗਿਆ ਸੀ, ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ‘ਚਪੇੜ’ ਮਾਰਨ ਵਾਲਾ ਬਿਆਨ ਦੇ ਕੇ ਵਿਵਾਦ ਛੇੜ ਦਿੱਤਾ ਸੀ। ਇਸ ਟਿੱਪਣੀ ਮਗਰੋਂ ਲੰਘੇ ਮੰਗਲਵਾਰ ਰਾਣੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਹਾਲਾਂਕਿ ਬਾਅਦ ’ਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ।
ਰਾਊਤ ਨੇ ਕਿਹਾ, ‘ਭਾਜਪਾ ਅਤੇ ਸ਼ਿਵ ਸੈਨਾ ਦੀ ਕੁੱਝ ਮੁੱਦਿਆਂ ’ਤੇ ਵੱਖੋ-ਵੱਖਰੀ ਵਿਚਾਰਧਾਰਾ ਜ਼ਰੂਰ ਸੀ, ਪਰ ਸਾਡੇ ਰਿਸ਼ਤਿਆਂ ’ਚ ਕਦੇ ਕੁੜੱਤਣ ਨਹੀਂ ਆਈ। ਉਨ੍ਹਾਂ ਨੇਤਾਵਾਂ, ਜਿਹੜੇ ਪਿਛਲੇ ਕੁਝ ਸਾਲਾਂ ਦੌਰਾਨ ਭਾਜਪਾ ’ਚ ਸ਼ਾਮਲ ਹੋਏ, ਨੇ ਦੋਵਾਂ ਪਾਰਟੀਆਂ ਵਿਚਕਾਰ ਰਿਸ਼ਤੇ ਖਰਾਬ ਕਰ ਦਿੱਤੇ ਹਨ। ਉਹ ਬਿਲਕੁਲ ਬੰਗਲਾਦੇਸ਼ੀ ਅਤੇ ਪਾਕਿਸਤਾਨੀ ਘੁਸਪੈਠੀਆਂ ਵਰਗੇ ਖ਼ਤਰਨਾਕ ਹਨ, ਜਿਹੜੇ ਇੱਥੇ ਸਾਡੀ (ਭਾਰਤ ’ਚ) ਸਮਾਜਿਕ ਏਕਤਾ ’ਚ ਖਲਲ ਪਾਉਂਦੇ ਹਨ।’ ਉਨ੍ਹਾਂ ਵਿਅੰਗਮਈ ਲਹਿਜ਼ੇ ’ਚ ਕਿਹਾ, ‘ਅਸੀਂ (ਸ਼ਿਵ ਸੈਨਾ ਤੇ ਭਾਜਪਾ) ਕਦੇ ਵੀ ਇੱਕ ਦੂਜੇ ’ਤੇ ਹਮਲਾ ਨਹੀਂ ਕੀਤਾ ਜਾਂ ਸਾਡੇ ਰਿਸ਼ਤੇ ਕਦੇ ਵੀ ਅਜਿਹੇ ਕੁੜੱਤਣ ਭਰੇ ਨਹੀਂ ਸਨ। ਨਾਰਾਇਣ ਰਾਣੇ ਦੇ ਕੰਮ ਕਰਨ ਦੇ ਅੰਦਾਜ਼ ਤੋਂ ਦੁਸ਼ਮਣੀ ਝਲਕਦੀ ਹੈ। ਭਾਜਪਾ ਨੇ ਸਾਡੇ ਰਿਸ਼ਤੇ ਸੁਧਾਰਨ ਲਈ ਕਿਹੋ ਜਿਹਾ ਵਿਅਕਤੀ ਨਿਯੁਕਤ ਕੀਤਾ ਹੈ?’ ਉਨ੍ਹਾਂ ਕਿਹਾ ਕਿ ਭਾਜਪਾ ਤੇ ਸ਼ਿਵ ਸੈਨਾ ਨੇ 25 ਵਰ੍ਹੇ ਇਕੱਠਿਆਂ ਕੰਮ ਕੀਤਾ ਹੈ। ਰਾਜ ਸਭਾ ਮੈਂਬਰ ਰਾਊਤ ਨੇ ਕਿਹਾ, ‘ਸ਼ਿਵ ਸੈਨਾ ਸੰਸਥਾਪਕ (ਮਰਹੂੁਮ) ਬਾਲ ਠਾਕਰੇ ਦੇ ਅਟਲ ਬਿਹਾਰੀ ਵਾਜਪਾਈ (ਮਰਹੂਮ) ਤੋਂ ਇਲਾਵਾ ਐੱਲ.ਕੇ. ਅਡਵਾਨੀ ਨਾਲ ਵੀ ਸਬੰਧ ਵਧੀਆ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਊਧਵ ਠਾਕਰੇ ਵਿਚਾਲੇ ਵੀ ਵਧੀਆਂ ਸਬੰਧ ਹਨ।’ -ਪੀਟੀਆਈ
ਰਾਣੇ ਵੱਲੋਂ ਸ਼ਿਵ ਸੈਨਾ ਦੇ ਭੇਤ ਖੋਲ੍ਹਣ ਚਿਤਾਵਨੀ
ਮੁੰਬਈ: ਕੇਂਦਰੀ ਮੰਤਰੀ ਨਾਰਾਇਣ ਰਾਣੇ ਨੇ ਅੱਜ ਮਹਾਰਾਸ਼ਟਰ ਦੀ ਸੱਤਾਧਾਰੀ ਸ਼ਿਵ ਸੈਨਾ ਨੂੰ ਖੁੱਲ੍ਹੀ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਪਾਰਟੀ ਅਤੇ ਉਸ ਦੇ ਨੇਤਾਵਾਂ ਬਾਰੇ ਬਹੁਤ ਕੁਝ ਜਾਣਦੇ ਹਨ ਅਤੇ ਕੇਸਾਂ ਨੂੰ ‘ਵਾਰੀ-ਵਾਰੀ’ ਨਸ਼ਰ ਕਰਨਗੇ। ਰਤਨਾਗਿਰੀ ਜ਼ਿਲ੍ਹੇ ’ਚ ਜਨ ਆਸ਼ੀਰਵਾਦ ਰੈਲੀ ਮੌਕੇ ਕਿਸੇ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਕਿਸ ਨੇ ਕਿਸ ਨੂੰ ਆਪਣੇ ‘ਭਰਾ ਦੀ ਪਤਨੀ’ ਉੱਤੇ ਤੇਜ਼ਾਬ ਸੁੱਟਣ ਲਈ ਕਿਹਾ ਸੀ। ਇਹ ਕਿਹੋ ਜਿਹੇ ‘ਸੰਸਕਾਰ’ ਹਨ। ਰਾਣੇ ਨੇ ਕਿਹਾ, ‘‘ਮੈਂ 39 ਸਾਲ ਉਨ੍ਹਾਂ ਨਾਲ ਕੰਮ ਕੀਤਾ ਹੈ। ਮੈਂ ਉਨ੍ਹਾਂ ਬਾਰੇ ਬਹੁਤ ਕੁਝ ਜਾਣਦਾ ਹਾਂ।’ ਮੁੱਖ ਮੰਤਰੀ ਊਧਵ ਠਾਕਰੇ ’ਤੇ ਸਿੱਧਾ ਹਮਲਾ ਕਰਦਿਆਂ ਉਨ੍ਹਾਂ ਕਿਹਾ, ‘ਇੱਕ ਕੇਂਦਰੀ ਮੰਤਰੀ ਨੂੰ ਗ੍ਰਿਫ਼ਤਾਰ ਕਰਕੇ ਕਿਸੇ ਨੇ ਕੀ ਹਾਸਲ ਕਰ ਲਿਆ? ਮੈਂ ਉਨ੍ਹਾਂ ਦੇ ਕੇਸਾਂ ਦਾ ਇੱਕ-ਇੱਕ ਕਰਕੇ ਖੁਲਾਸਾ ਕਰਾਂਗਾ।’ ਉਨ੍ਹਾਂ ਕਿਹਾ, ‘ਸੈਨਾ ਦਾ ਇੱਕ ਲੜਕਾ ਵਰੁਣ ਸਰਦੇਸਾਈ ਮੁੰਬਈ ’ਚ ਮੇਰੀ ਰਿਹਾਇਸ਼ ਦੇ ਬਾਹਰ ਆਇਆ ਅਤੇ ਮੈਨੂੰ ਧਮਕੀ ਦਿੱਤੀ। ਜੇ ਉਹ ਅਗਲੀ ਵਾਰ ਅਇਆ ਤਾਂ ਵਾਪਸ ਨਹੀਂ ਜਾਵੇਗਾ।’ -ਪੀਟੀਆਈ