ਨਵੀਂ ਦਿੱਲੀ, 10 ਨਵੰਬਰ
ਗੀਤਕਾਰ ਗੁਲਜ਼ਾਰ ਨਾਲ ਪਿਛਲੇ 30 ਸਾਲਾਂ ਦੌਰਾਨ ਕੀਤੀਆਂ ਮੁਲਾਕਾਤਾਂ ਅਤੇ ਵਿਚਾਰ-ਚਰਚਾਵਾਂ ਨੇ ਹੁਣ ਪੁਸਤਕ ਦਾ ਰੂੁਪ ਲਿਆ ਹੈ। ਹਿੰਦੀ ਦੀ ਨਵੀਂ ਪੁਸਤਕ ‘ਬੋਸਕੀਆਨਾ’ ਵਿੱਚ ਇਸ ਸੀਨੀਅਰ ਕਵੀ ਅਤੇ ਗੀਤਕਾਰ ਦੀ ਸ਼ਖ਼ਸੀਅਤ ਨੂੰ ਮੁਲਾਕਾਤਾਂ ਰਾਹੀਂ ਪਾਠਕਾਂ ਦੇ ਰੂਬਰੂ ਕੀਤਾ ਗਿਆ ਹੈ। ਪੁਸਤਕ ਦੇ ਪ੍ਰਕਾਸ਼ਕ ਰਾਧਾਕ੍ਰਿਸ਼ਨ ਪ੍ਰਕਾਸ਼ਨ ਅਨੁਸਾਰ ਪਾਠਕ ਇਸ ਪੁਸਤਕ ਵਿੱਚ ਗੁਲਜ਼ਾਰ ਦੇ ਵਿਚਾਰ ਅਤੇ ਵਿਸ਼ਵ ਪ੍ਰਤੀ ਨਜ਼ਰੀਏ ਬਾਰੇ ਪੜ੍ਹਨਗੇ। 228 ਸਫ਼ਿਆਂ ਦੀ ਇਸ ਪੁਸਤਕ ਦਾ ਸੰਪਾਦਨ ਯਸ਼ਵੰਤ ਵਿਆਸ ਨੇ ਕੀਤਾ ਹੈ। ਗੁਲਜ਼ਾਰ ਨੇ ਦੱਸਿਆ ਕਿ ਇਸ ਪੁਸਤਕ ਦਾ ਨਾਂ ‘ਬੋਸਕੀਆਨਾ’ ਊਨ੍ਹਾਂ ਦੇ ਮੁੰਬਈ ਸਥਿਤ ਗ੍ਰਹਿ ਦੇ ਨਾਂ ’ਤੇ ਰੱਖਿਆ ਗਿਆ ਹੈ। 80 ਵਰ੍ਹਿਆਂ ਦੇ ਗੀਤਕਾਰ ਨੇ ਬਿਆਨ ਰਾਹੀਂ ਕਿਹਾ, ‘‘ਵਿਆਸ ਸੱਚਮੁੱਚ ਜਾਦੂਗਰ ਹਨ, ਊਹ ਮੇਰੇ ਬੋਲਣ ਤੋਂ ਪਹਿਲਾਂ ਹੀ ਗੱਲ ਸਮਝ ਜਾਂਦੇ ਹਨ, ਊਹ ਮੇਰੇ ਸਾਰੇ ਭਾਵਾਂ ਤੋਂ ਜਾਣੂ ਹਨ ਅਤੇ ਮੇਰੀ ਸੋਚ ਬਾਰੇ ਵੀ ਅੰਦਾਜ਼ਾ ਲਾ ਸਕਦੇ ਹਨ।’’ ਇਸ ਪੁਸਤਕ ਨੂੰ ਮੁਕੰਮਲ ਹੋਣ ਵਿੱਚ ਛੇ ਵਰ੍ਹਿਆਂ ਦਾ ਸਮਾਂ ਲੱਗਿਆ।
-ਪੀਟੀਆਈ