ਨਵੀਂ ਦਿੱਲੀ, 10 ਜੁਲਾਈ
ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਕਬਾਇਲੀ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਅਤੇ ਨਵੇਂ ਜੰਗਲ ਸੁਰੱਖਿਆ ਨਿਯਮ ਕਰੋੜਾਂ ‘ਆਦਿਵਾਸੀਆਂ’ ਅਤੇ ਜੰਗਲੀ ਇਲਾਕੇ ਵਿੱਚ ਰਹਿ ਰਹੇ ਹੋਰ ਲੋਕਾਂ ਨੂੰ ‘ਸ਼ਕਤੀਹੀਣ’ ਕਰ ਦੇਣਗੇ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਦੇ ਅਗਵਾਈ ਵਾਲੀ ਸਰਕਾਰ ’ਤੇ ‘ਜੰਗਲੀ ਜ਼ਮੀਨ ਖੋਹਣ ਦੀ ਪ੍ਰਕਿਰਿਆ ਸੁਖਾਲੀ ਬਣਾਉਣ ਲਈ’ ਜੰਗਲ ਸੁਰੱਖਿਆ ਨਿਯਮਾਂ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ। ਰਾਹੁਲ ਨੇ ਟਵੀਟ ਕੀਤਾ, ‘‘ਕਾਂਗਰਸ ਮਜ਼ਬੂਤੀ ਨਾਲ ਆਦਿਵਾਸੀ ਭੈਣਾਂ ਤੇ ਭਰਾਵਾਂ ਦੀ ‘ਜਲ, ਜੰਗਲ ਅਤੇ ਜ਼ਮੀਨ’ ਨੂੰ ਬਚਾਉਣ ਲਈ ਲੜਾਈ ਵਿੱਚ ਖੜ੍ਹੀ ਹੈ।’’ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਹਾਲ ’ਚ ਜਾਰੀ ਨਵੇਂ ਨਿਯਮ ਕੇਂਦਰ ਦੁਆਰਾ ਆਖਰੀ ਮਨਜ਼ੂਰੀ ਦੇਣ ਮਗਰੋਂ ਹੀ ਵਣ ਅਧਿਕਾਰ ਮੁੱਦੇ ਨਬਿੇੜਨ ਦੀ ਆਗਿਆ ਦਿੰਦੇ ਹਨ। ਉਨ੍ਹਾਂ ਕਿਹਾ, ‘ਯਕੀਨੀ ਤੌਰ ’ਤੇ ਇਹ ਕੁਝ ਲੋਕਾਂ ਵੱਲੋਂ ਚੁਣੀ ਗਈ ‘ਵਪਾਰ ਸਰਲਤਾ’ ਦਾ ਨਾ ’ਤੇ ਕੀਤਾ ਗਿਆ ਹੈ। ਪਰ ਇਹ ਵੱਡੀ ਆਬਾਦੀ ਦੀ ‘ਜ਼ਿੰਦਗੀ ਦੀ ਸਰਲਤਾ’ ਨੂੰ ਖਤਮ ਕਰ ਦੇਣਗੇ।’’ -ਪੀਟੀਆਈ