ਨਵੀਂ ਦਿੱਲੀ, 1 ਨਵੰਬਰ
ਸਰਕਾਰ ਨੇ ਅੱਜ ਕਿਹਾ ਕਿ ਨਵੇਂ ਆਈਟੀ ਨੇਮ ਸੰਵਿਧਾਨ ਤਹਿਤ ਮਿਲੇ ਬੋਲਣ ਤੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦੇ ਅਧਿਕਾਰ ਦੇ ਅਨੁਕੂਲ ਹਨ ਤੇ ਇਨ੍ਹਾਂ ਨੇਮਾਂ ਨਾਲ ਵਰਤੋਕਾਰਾਂ ’ਤੇ ਕੋਈ ਵਾਧੂ ਭਾਰ ਨਹੀਂ ਪਏਗਾ। ਨੇਮਾਂ ਬਾਰੇ ਜਾਰੀ ਨਿਰਦੇਸ਼ਾਂ ਬਾਰੇ ਪੁੱਛੇ ਜਾਂਦੇ ਸਵਾਲਾਂ ਦਾ ਇਕ ਸੈੱਟ ਜਾਰੀ ਕਰਦਿਆਂ ਆਈਟੀ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਨੇਮਾਂ ਦਾ ਉਦੇਸ਼ ਵਿਅਕਤੀ ਵਿਸ਼ੇਸ਼ ਦੀ ਆਨਲਾਈਨ ਨਿੱਜਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਤੇ ਕਿਸੇ ਸੁਨੇਹੇ ਦੀ ਉਤਪਤੀ ਕਿੱਥੋਂ ਹੋਈ ਬਾਰੇ ਸ਼ਨਾਖਤ ਕਰਨਾ ਹੈ। ਕੁੱਲ ਮਿਲਾ ਕੇ ਐੱਫਏਕਿਊ’ਜ਼ ਇੰਟਰਨੈੱਟ ਤੇ ਸੋਸ਼ਲ ਮੀਡੀਆ ਵਰਤੋਕਾਰਾਂ ਦੇ ਨਵੇਂ ਨੇਮਾਂ, ਪਿਛਲੇ ਪ੍ਰਬੰਧ ’ਚ ਆਏ ਪ੍ਰਮੁੱਖ ਬਦਲਾਵਾਂ, ਨਵੇਂ ਨੇਮ ਕਿਵੇਂ ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਨੂੰ ਵਧਾਉਣਗੇ ਆਦਿ ਸਵਾਲਾਂ ਦਾ ਨਿਵਾਰਣ ਕਰਨਗੇ। ਐੱਫਏਕਿਊ’ਜ਼ ਨੂੰ ਜਾਰੀ ਕਰਨ ਦੀ ਰਸਮ ਇਲੈਕਟ੍ਰੋਨਿਕ ਤੇ ਆਈਟੀ ਬਾਰੇ ਰਾਜ ਮੰਤਰੀ ਰਾਜੀਵ ਚੰਦਰਸ਼ੇਖ਼ਰ ਨੇ ਨਿਭਾਈ। -ਪੀਟੀਆਈ