ਪਟਨਾ, 23 ਨਵੰਬਰ
17ਵੀਂ ਵਿਧਾਨ ਸਭਾ ਦੇ ਉਦਘਾਟਨੀ ਸੈਸ਼ਨ ਦੀ ਸ਼ੁਰੂਆਤ ਮੌਕੇ ਅੱਜ ਪ੍ਰੋ-ਟੈੱਮ ਸਪੀਕਰ ਜੀਤਨ ਰਾਮ ਮਾਂਝੀ ਨੇ ਨਵੇਂ ਚੁਣੇ ਵਿਧਾਇਕਾਂ ਨੂੰ ਅਹੁਦੇ ਦੀ ਸਹੁੰ ਚੁਕਵਾਈ। ਪਹਿਲੇ ਦਿਨ ਅੱਜ ਦੋ ਉੱਪ ਮੁੱਖ ਮੰਤਰੀਆਂ ਤਾਰਕਿਸ਼ੋਰ ਪ੍ਰਸਾਦ ਤੇ ਰੇਣੂ ਦੇਵੀ ਤੋਂ ਇਲਾਵਾ ਇੱਕ ਮੰਤਰੀ ਜੀਵੇਸ਼ ਕੁਮਾਰ ਨੂੰ ਛੱਡ ਕੇ ਸਾਰੇ ਅੱਠ ਮੰਤਰੀਆਂ ਵਿਜੈ ਕੁਮਾਰ ਚੌਧਰੀ, ਬਿਜੇਂਦਰ ਪ੍ਰਸਾਦ ਯਾਦਵ, ਸ਼ੀਲਾ ਕੁਮਾਰੀ, ਅਮਰੇਂਦਰ ਪ੍ਰਤਾਪ ਸਿੰਘ, ਰਾਮ ਪ੍ਰੀਤ ਪਾਸਵਾਨ ਅਤੇ ਰਾਮ ਮੂਰਤ ਦੇ ਨਾਲ ਨਾਲ ਆਰਜੇਡੀ ਆਗੂ ਤੇਜਸਵੀ ਪ੍ਰਸਾਦ ਯਾਦਵ ਤੇ ਉਨ੍ਹਾਂ ਦੇ ਵੱਡੇ ਭਰਾ ਤੇਜ ਪ੍ਰਤਾਪ ਯਾਦਵ ਸਮੇਤ ਸਦਨ ਦੇ ਕੁੱਲ 243 ’ਚੋਂ 190 ਨਵੇਂ ਚੁਣੇ ਮੈਂਬਰਾਂ ਨੇ ਸਹੁੰ ਚੁੱਕੀ ਜਦਕਿ ਬਾਕੀ ਮੈਂਬਰ ਭਲਕੇ 24 ਨਵੰਬਰ ਨੂੰ ਸਹੁੰ ਚੁੱਕਣਗੇ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਸੂਬੇ ’ਚ ਦੋ ਉੱਪ ਮੰਤਰੀ ਬਣੇ ਹੋਣ। ਅੱਜ ਸ਼ੁਰੂ ਹੋਇਆ ਵਿਧਾਨ ਸਭਾ ਦਾ ਸੈਸ਼ਨ 27 ਨਵੰਬਰ ਨੂੰ ਮੁਕੰਮਲ ਹੋਵੇਗਾ। ਪ੍ਰੋ-ਟੈੱਮ ਸਪੀਕਰ ਮਾਂਝੀ ਨੇ ਦੱਸਿਆ ਕਿ ਸੈਸ਼ਨ ਦੇ ਪਹਿਲੇ ਦੋ ਦਿਨ 23-24 ਨਵੰਬਰ ਨੂੰ ਵਿਧਾਨ ਸਭਾ ਦੇ ਨਵੇਂ ਮੈਂਬਰਾਂ ਨੂੰ ਸਹੁੰ ਚੁਕਵਾਈ ਜਾਵੇਗੀ। ਸਮਾਗਮ ਦੌਰਾਨ ਮਿਥਲੇਸ਼ ਕੁਮਾਰ, ਵਿਨੋਦ ਨਾਰਾਇਣ ਝਾਅ, ਨਿਤੀਸ਼ ਮਿਸ਼ਰਾ, ਸਮੀਰ ਕੁਮਾਰ ਮਹਾਸੇਠ, ਸੁਦਾਂਸ਼ੂ ਸ਼ੇਖਰ, ਹਰੀਭੂਸ਼ਨ ਠਾਕੁਰ ਨੇ ਮੈਥਿਲੀ ਵਿਚ ਜਦਕਿ ਆਰਜੇਡੀ ਮੈਂਬਰ ਸ਼ਿਓਹਰ ਚੇਤਨ ਸਿੰਘ ਨੇ ਅੰਗਰੇਜ਼ੀ ’ਚ ਸਹੁੰ ਚੁੱਕੀ। ਕਾਂਗਰਸ ਮੈਂਬਰ ਸ਼ਕੀਲ ਅਹਿਮਦ ਖਾਨ ਨੇ ਸੰਸਕ੍ਰਿਤ ਅਤੇ ਏਆਈਐੱਮਆਈਐੱਮ ਦੇ ਮੈਂਬਰ ਸ਼ਾਹਨਵਾਜ਼ ਨੇ ਉਰਦੂ ’ਚ ਸਹੁੰ ਚੁੱਕੀ। -ਪੀਟੀਆਈ
ਵਿਰੋਧੀ ਧਿਰਾਂ ਵੱਲੋਂ ਪਹਿਲੇ ਦਿਨ ਹੀ ਰੋਸ ਮੁਜ਼ਾਹਰਾ
ਬਿਹਾਰ ਵਿਧਾਨ ਸਭਾ ਦੇ ਉਦਘਾਟਨੀ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਪਾਰਟੀ ਕਾਂਗਰਸ ਤੇ ਖੱਬੀਆਂ ਪਾਰਟੀਆਂ ਨੇ ਵੱਖ ਵੱਖ ਮੁੱਦਿਆਂ ’ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਿਰੋਧੀ ਧਿਰਾਂ ਨੇ ਵੈਸ਼ਾਲੀ ’ਚ ਨੌਜਵਾਨ ਲੜਕੀ ਨੂੰ ਕਤਲ ਕੀਤੇ ਜਾਣ ਦੇ ਮਾਮਲੇ ’ਚ ਇਨਸਾਫ਼ ਦੀ ਮੰਗ ਕੀਤੀ ਅਤੇ ਕਿਸਾਨੀ ਨਾਲ ਸਬੰਧਤ ਮੁੱਦਿਆਂ ’ਤੇ ਨਿਤੀਸ਼ ਕੁਮਾਰ ਦੀ ਅਗਵਾਈ ਹੇਠਲੀ ਐੱਨਡੀਏ ਸਰਕਾਰ ਦਾ ਘਿਰਾਓ ਕੀਤਾ।
ਸਹੁੰ ਚੁੱਕਣ ਸਮੇਂ ‘ਹਿੰਦੁਸਤਾਨ’ ਦੀ ਥਾਂ ‘ਭਾਰਤ’ ਸ਼ਬਦ ਵਰਤਿਆ
ਪਟਨਾ: ਬਿਹਾਰ ਵਿਧਾਨ ਸਭਾ ’ਚ ਅੱਜ ਏਆਈਐੱਮਆਈਐੱਮ ਦੇ ਨਵੇਂ ਚੁਣੇ ਮੈਂਬਰ ਨੇ ਉਰਦੂ ’ਚ ਸਹੁੰ ਚੁੱਕਦਿਆਂ ‘ਹਿਦੁਸਤਾਨ’ ਦੀ ਥਾਂ ‘ਭਾਰਤ’ ਸ਼ਬਦ ਦੀ ਵਰਤੋਂ ਕੀਤੀ ਤੇ ਇਸੇ ਨਾਂ ਦੀ ਵਰਤੋਂ ਦੀ ਵਕਾਲਤ ਵੀ ਕੀਤੀ ਜਿਸ ਕਾਰਨ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਅਸਦੂਦੀਨ ਓਵਾਇਸੀ ਦੀ ਪਾਰਟੀ ਏਆਈਐੱਮਆਈਐੱਮ ਦੇ ਸੂਬਾ ਪ੍ਰਧਾਨ ਅਖਤਰੁਲ ਇਮਾਨ ਨੇ ਉਰਦੂ ’ਚ ਸਹੁੰ ਚੁਕਣ ਸਮੇਂ ਇਸ ਦੇ ਖਰੜੇ ’ਚ ਲਿਖੇ ‘ਹਿੰਦੁਸਤਾਨ’ ਸ਼ਬਦ ਦੀ ਥਾਂ ਸੰਵਿਧਾਨ ’ਚ ਦਰਜ ਸ਼ਬਦ ‘ਭਾਰਤ’ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਉੱਧਰ ਜੇਡੀਯੂ ਦੇ ਵਿਧਾਇਕ ਤੇ ਸਾਬਕਾ ਮੰਤਰੀ ਮਦਨ ਸਾਹਨੀ ਨੇ ਕਿਹਾ ਕਿ ਹਿੰਦੁਸਤਾਨ ਆਮ ਤੌਰ ’ਤੇ ਵਰਤਿਆ ਜਾਣ ਵਾਲਾ ਸ਼ਬਦ ਹੈ ਪਰ ਕੁਝ ਲੋਕ ਵੱਖ ਦਿਖਣ ਲਈ ਬੇਲੋੜਾ ਵਿਵਾਦ ਪੈਦਾ ਕਰਦੇ ਹਨ। ਜੇਡੀਯੂ ਨਾਲ ਬਿਹਾਰ ’ਚ ਸੱਤਾਧਾਰੀ ਭਾਜਪਾ ਦੇ ਨੀਰਜ ਸਿੰਘ ਬਬਲੂ ਨੇ ਕਿਹਾ, ‘ਜਿਨ੍ਹਾਂ ਲੋਕਾਂ ਨੂੰ ਹਿੰਦੁਸਤਾਨ ਦੀ ਸਮੱਸਿਆ ਹੈ, ਉਨ੍ਹਾਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ।’ -ਪੀਟੀਆਈ