ਨਵੀਂ ਦਿੱਲੀ, 13 ਦਸੰਬਰ
ਸੀਬੀਐੱਸਈ ਨੇ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ 12ਵੀਂ ਜਮਾਤ ਦੇ ਅਕਾਊਂਟੈਂਸੀ ਦੇ ਪੇਪਰ ਲਈ 6 ਗਰੇਸ ਨੰਬਰ ਦਿੱਤੇ ਜਾਣ ਦਾ ਦਾਅਵਾ ਕਰਦੀ ਸੋਸ਼ਲ ਮੀਡੀਆ ’ਤੇ ਵਾਇਰਲ ਆਡੀਓ ਸੁਨੇਹੇ ਦੇ ਹਵਾਲੇ ਨਾਲ ਰਿਪੋਰਟ ਤੋਂ ਖ਼ਬਰਦਾਰ ਰਹਿਣ। ਆਡੀਓ ਸੁਨੇਹੇ ਵਿੱਚ ਅਕਾਊਂਟੈਂਸੀ ਦੇ ਪੇਪਰ ਵਿੱਚ ਕਿਸੇ ਗਲਤੀ ਲਈ ਵਿਦਿਆਰਥੀਆਂ ਨੂੰ ਸੀਬੀਐੱਸਈ ਵੱਲੋਂ ਗਰੇਸ ਨੰਬਰ ਦਿੱਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਬੋਰਡ ਨੇ ਇਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੇ ਨੋਟਿਸ ਵਿੱਚ ਆਇਆ ਹੈ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਇਕ ਆਡੀਓ ਸੁਨੇਹੇ ਦੇ ਹਵਾਲੇ ਨਾਲ ਕੰਟਰੋਲਰ ਪ੍ਰੀਖਿਆਵਾਂ ਦੇ ਨਾਂ ’ਤੇ ਇਕ ਫਰਜ਼ੀ ਰਿਪੋਰਟ ਸਾਹਮਣੇ ਆਈ ਹੈ ਕਿ 13 ਦਸੰਬਰ ਨੂੰ 12ਵੀਂ ਜਮਾਤ ਦੇ ਅਕਾਊਂਟੈਂਸੀ ਟਰਮ-1 ਪੇਪਰ ਵਿੱਚ ਕੋਈ ਗ਼ਲਤੀ ਰਹਿਣ ਕਰਕੇ ਵਿਦਿਆਰਥੀਆਂ ਨੂੰ 6 ਗਰੇਸ ਨੰਬਰ ਦਿੱਤੇ ਜਾਣਗੇ। ਬੋਰਡ ਨੇ ਕਿਹਾ ਕਿ ਇਸ ਨਿਊਜ਼ ਰਿਪੋਰਟ ਵਿਚਲਾ ਵਿਸ਼ਾ-ਵਸਤੂ ਪੂਰੀ ਤਰ੍ਹਾਂ ਬੇਬੁਨਿਆਦ ਤੇ ਗ਼ਲਤ ਹੈ। ਕਿਸੇ ਵੀ ਰਿਪੋਰਟਰ ਨੇ ਸੀਬੀਐੱਸਈ ਦੇ ਕੰਟਰੋਲਰ ਪ੍ਰੀਖਿਆਵਾਂ ਨਾਲ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਤੇ ਨਾ ਹੀ ਬੋਰਡ ਨੇ ਅਜਿਹਾ ਕੋਈ ਫੈਸਲਾ ਕੀਤਾ ਹੈ।’ -ਪੀਟੀਆਈ