ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 17 ਫਰਵਰੀ
ਸੀਪੀਆਈ ਨੇ ਜੇਐੱਨਯੂ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਦੇ ਜਨਤਾ ਦਲ (ਯੂਨਾਈਟਿਡ) ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਚੇਤੇ ਰਹੇ ਕਿ ਮੀਡੀਆ ਦੇ ਇਕ ਹਿੱਸੇ ’ਚ ਰਿਪੋਰਟਾਂ ਛਪੀਆਂ ਸਨ ਕਿ ਕਨ੍ਹੱਈਆ ਕੁਮਾਰ ਵੱਲੋਂ ਬਿਹਾਰ ਦੇ ਮੰਤਰੀ ਅਸ਼ੋਕ ਚੌਧਰੀ ਨਾਲ ਕੀਤੀ ਮੁਲਾਕਾਤ ਮਗਰੋਂ ਉਨ੍ਹਾਂ ਦੇ ਜਲਦੀ ਹੀ ਜੇਡੀਯੂ ਵਿੱਚ ਸ਼ਾਮਲ ਹੋਣ ਦੇ ਆਸਾਰ ਹਨ। ਸੀਪੀਆਈ ਦੇ ਦਫ਼ਤਰ ਸਕੱਤਰ ਰੋਏ ਕੁੱਟੀ ਦੇ ਦਸਤਖ਼ਤਾਂ ਹੇਠ ਜਾਰੀ ਪ੍ਰੈੱਸ ਬਿਆਨ ਮੁਤਾਬਕ ਕਨ੍ਹੱਈਆ ਕੁਮਾਰ ਬਿਹਾਰ ਸਰਕਾਰ ’ਚ ਮੰਤਰੀ ਅਸ਼ੋਕ ਚੌਧਰੀ ਨੂੰ ਮਿਲੇ ਜ਼ਰੂਰ ਸਨ ਤੇ ਇਸ ਮੌਕੇ ਸੀਪੀਆਈ ਵਿਧਾਇਕ ਸੂਰਿਆਕਾਂਤ ਪਾਸਵਾਨ ਵੀ ਮੌਜੂਦ ਸਨ। ਇਸ ਮੀਟਿੰਗ ਦੌਰਾਨ ਪਾਸਵਾਨ ਦੇ ਅਸੈਂਬਲੀ ਹਲਕੇ ਦੇ ਵਿਕਾਸ ਕੰਮਾਂ ਤੇ ਲੋਕਾਂ ਨਾਲ ਜੁੜੇ ਹੋਰਨਾਂ ਮਸਲਿਆਂ ’ਤੇ ਹੀ ਚਰਚਾ ਹੋਈ।