ਨਵੀਂ ਦਿੱਲੀ: ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਨਲਾਈਨ ਨਿਊਜ਼ ਪੋਰਟਲ ਨਿਊਜ਼ਕਲਿੱਕ ਨਾਲ ਜੁੜੀ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿੱਚ ਅਮਰੀਕੀ ਧਨਾਢ ਨੈਵਿਲੇ ਰੌਏ ਸਿੰਘਮ ਨੂੰ ਸੱਜਰੇ ਸੰਮਨ ਜਾਰੀ ਕੀਤੇ ਹਨ। ਮੌਜੂਦਾ ਸਮੇਂ ਸ਼ੰਘਾਈ (ਚੀਨ) ਅਧਾਰਿਤ ਕਾਰੋਬਾਰੀ ’ਤੇ ਭਾਰਤ ਵਿੱਚ ਚੀਨ ਪੱਖੀ ਪ੍ਰਾਪੇਗੰਡੇ ਦੇ ਪ੍ਰਚਾਰ ਪਾਸਾਰ ਦਾ ਦੋਸ਼ ਹੈ। ਸੂਤਰਾਂ ਨੇ ਕਿਹਾ ਕਿ ਈਡੀ ਨੇ ਸਿੰਘਮ ਨੂੰ ਮਨੀ ਲਾਂਡਰਿੰਗ ਰੋਕੂ ਐਕਟ (ਪੀਐੱਮਐੱਲਏ) ਵਿਚਲੀਆਂ ਵਿਵਸਥਾਵਾਂ ਤਹਿਤ ਸੱਜਰੇ ਸੰਮਨ ਜਾਰੀ ਕੀਤੇ ਹਨ। ਸੂਤਰਾਂ ਮੁਤਾਬਕ ਸਿੰਘਮ ਦੇ ਬਿਆਨ ਦਰਜ ਕਰਨ ਲਈ ਏਜੰਸੀ ਨੂੰ ਸਥਾਨਕ ਕੋਰਟ ਤੋਂ ਲੈਟਰਜ਼ ਰੋਗੇਟਰੀ (ਐੱਲਆਰ) ਜਾਰੀ ਹੋਇਆ ਸੀ, ਜਿਸ ਮਗਰੋਂ ਕਾਰੋਬਾਰੀ ਨੂੰ ਸੰਮਨ ਜਾਰੀ ਕਰਨੇ ਪਏ ਹਨ। ਸਿੰਘਮ ਨੂੰ ਸੰਮਨ ਉਸ ਦੀ ਈਮੇਲ ਆਈਡੀ ਤੇ ਚੀਨ ਸਰਕਾਰ ਦੇ ਚੈਨਲਾਂ ਜ਼ਰੀਏ ਭੇਜੇ ਗਏ ਹਨ। -ਪੀਟੀਆਈ