ਨਵੀਂ ਦਿੱਲੀ, 15 ਮਈ
ਰਿਸ਼ਵਤਖੋਰੀ ਦੇ ਮਾਮਲੇ ਵਿਚ ਸੀਬੀਆਈ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਡਰ ਸੈਕਟਰੀ ਪੱਧਰ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਹੈ। ਜਾਂਚ ਏਜੰਸੀ ਨੇ ਐਫਸੀਆਰਏ ਯੂਨਿਟ ਦੇ ਅਧਿਕਾਰੀ ਤੇ ਘਰ ਛਾਪਾ ਮਾਰਿਆ ਤੇ ਉਸ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਦਫ਼ਤਰ ਸੱਦਿਆ। ਸੂਤਰਾਂ ਨੇ ਦੱਸਿਆ ਕਿ ਐਫਸੀਆਰਏ ਯੂਨਿਟ ਵਿੱਚ ਤਾਇਨਾਤ ਅਧਿਕਾਰੀ ਦੇ ਸੀਬੀਆਈ ਦੇ ਹੈੱਡਕੁਆਰਟਰ ਵਿੱਚ ਬਿਆਨ ਦਰਜ ਕੀਤੇ ਗਏ। ਜਾਂਚ ਏਜੰਸੀ ਵੱਲੋਂ ਕਾਬੂ ਕੀਤੇ ਗਏ ਅਧਿਕਾਰੀ ਨੇ ਐਨਜੀਓਜ਼ ਦੀ ਰਜਿਸਟਰੇਸ਼ਨ ਲੈਣ ਤੇ ਰਜਿਸਟਰੇਸ਼ਨ ਨਵਿਆਉਣ ਲਈ ਜਾਂਚ ਕੀਤੇ ਬਿਨਾਂ ਕਲੀਅਰੈਂਸ ਦਿੱਤੀ। ਸੀਬੀਆਈ ਨੇ ਬੁੱਧਵਾਰ ਨੂੰ ਦੇਸ਼ ਭਰ ਵਿੱਚ ਛਾਪੇ ਮਾਰ ਕੇ ਛੇ ਅਧਿਕਾਰੀਆਂ ਸਣੇ 14 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਸੀਬੀਆਈ ਨੇ ਛਾਪਿਆਂ ਦੌਰਾਨ 3.21 ਕਰੋੜ ਰੁਪਏ ਦੀ ਨਕਦੀ ਅਤੇ ਕਈ ਅਪਰਾਧਕ ਦਸਤਾਵੇਜ਼, ਮੋਬਾਈਲ ਫ਼ੋਨ ਆਦਿ ਬਰਾਮਦ ਕੀਤੇ ਸਨ। ਇਹ ਛਾਪੇ ਦਿੱਲੀ, ਹਰਿਆਣਾ, ਰਾਜਸਥਾਨ, ਝਾਰਖੰਡ, ਹਿਮਾਚਲ ਪ੍ਰਦੇਸ਼, ਤੇਲੰਗਾਨਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਅਸਾਮ ਅਤੇ ਮਨੀਪੁਰ ਵਿੱਚ ਮਾਰੇ ਗਏ।-ਆਈਏਐੱਨਐੱਸ