ਨਵੀਂ ਦਿੱਲੀ, 14 ਅਪਰੈਲ
ਹਰ ਸਾਲ ਹਵਾ ਪ੍ਰਦੂਸ਼ਣ ਨਾਲ ਦੇਸ਼ ਵਿੱਚ ਲਗਪਗ 15 ਲੱਖ ਲੋਕਾਂ ਦੀ ਮੌਤ ਦਾ ਜ਼ਿਕਰ ਕਰਦਿਆਂ ਕੌਮੀ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਸੁਧਾਰਾਤਮਕ ਕਦਮਾਂ ਦੀ ਨਿਗਰਾਨੀ ਲਈ ਅੱਠ ਮੈਂਬਰੀ ਕੌਮੀ ਟਾਸਕ ਫੋਰਸ (ਐੱਨਟੀਐੱਫ) ਦਾ ਗਠਨ ਕੀਤਾ ਹੈ। ਐੱਨਜੀਟੀ ਦੇ ਚੇਅਰਪਰਸਨ ਜਸਟਿਸ ਏ ਕੇ ਗੋਇਲ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਸਰਕਾਰ ਵਿੱਚ ਸਾਰੇ ਪੱਧਰਾਂ ’ਤੇ ਸਮੁੱਚੇ ਅਤੇ ਸਾਂਝੇ ਯਤਨ ਕੀਤੇ ਜਾਣ। ਟ੍ਰਿਬਿਊਨਲ ਨੇ ਕਿਹਾ ਕਿ ਸਾਹ ਸਬੰਧੀ ਬਿਮਾਰੀਆਂ ਕਾਰਨ ਦੁਨੀਆ ’ਚੋਂ ਭਾਰਤ ਵਿੱਚ ਸਭ ਤੋਂ ਵੱਧ ਮੌਤ ਦਰ ਹੈ। ਵਾਤਾਵਰਨ ਤੇ ਜੰਗਲਾਤ ਮੰਤਰਾਲੇ ਦੇ ਸਕੱਤਰ ਦੀ ਅਗਵਾਈ ਤੇ ਸਹਿਯੋਗ ’ਚ ਐੱਨਟੀਐੱਫ ਵਿੱਚ ਰਿਹਾਇਸ਼ ਤੇ ਸ਼ਹਿਰੀ ਵਿਕਾਸ, ਸੜਕ ਆਵਾਜਾਈ, ਪੈਟਰੋਲੀਅਮ, ਊਰਜਾ, ਖੇਤੀਬਾੜੀ, ਸਿਹਤ ਮੰਤਰਾਲਿਆਂ ਦੇ ਮਨੋਨੀਤ ਅਧਿਕਾਰੀ (ਜੁਆਇੰਟ ਸਕੱਤਰ ਦੇ ਰੈਂਕ ਤੋਂ ਘੱਟ ਨਹੀਂ) ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁਖੀ ਹੋਣਗੇ।
ਬੈਂਚ ਨੇ ਕਿਹਾ,‘ਐੱਨਟੀਐੱਫ ਇਕ ਮਹੀਨੇ ਦੇ ਅੰਦਰ ਪਹਿਲੀ ਮੀਟਿੰਗ ਕਰ ਸਕਦਾ ਹੈ ਤੇ ਇਸ ਤੋਂ ਬਾਅਦ ਸਬੰਧਤ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨਾਲ ਤ੍ਰੈਮਾਸਿਕ ਮੀਟਿੰਗਾਂ ਰਾਹੀਂ ਨਿਗਰਾਨੀ ਲਈ ਵਿਵਸਥਾ ਕਰ ਸਕਦਾ ਹੈ। ਬੈਂਚ ਨੇ ਕਿਹਾ,‘ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰ ਸੂਬਾ ਪੱਧਰ ’ਤੇ ਪ੍ਰਾਜੈਕਟ ’ਤੇ ਅਮਲ ਦੀ ਨਿਗਰਾਨੀ ਕਰ ਸਕਦੇ ਹਨ। -ਪੀਟੀਆਈ