ਮੁੰਬਈ, 13 ਮਈ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਭਗੌੜੇ ਅੰਡਰਵਰਲਡ ਸਰਗਨੇ ਦਾਊਦ ਇਬਰਾਹਿਮ ਦੇ ਕੰਟਰੋਲ ਹੇਠਲੀਆਂ ਅਪਰਾਧਿਕ ਗਤੀਵਿਧੀਆਂ ਤੇ ਵਿੱਤੀ ਲੈਣ-ਦੇਣ ਸੰਭਾਲਣ ਦੇ ਦੋਸ਼ ਹੇਠ ਗੈਂਗਸਟਰ ਛੋਟਾ ਸ਼ਕੀਲ ਦੇ ਦੋ ਨੇੜਲੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਏਜੰਸੀ ਦੇ ਅਧਿਕਾਰੀਆਂ ਨੇ ਦਿੱਤੀ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਆਰਿਫ਼ ਅਬੂਬਕਰ ਸ਼ੇਖ (59) ਅਤੇ ਸ਼ੱਬੀਰ ਅਬੂਬਕਰ ਸ਼ੇਖ (51) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਆਰਿਫ਼ ਨੂੰ ਮੁੰਬਈ ਦੇ ਗੋਰੇਗਾਓਂ ਵੈਸਟ ਤੋਂ ਜਦਕਿ ਸ਼ਬੀਰ ਨੂੰ ਗੁਆਂਢੀ ਜ਼ਿਲ੍ਹੇ ਠਾਣੇ ’ਚ ਮੀਰਾ ਰੋਡ ਈਸਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘ਦੋਵਾਂ ਨੂੰ ਦਾਊਦ ਇਬਰਾਹਿਮ ਦੀ ਸਿੰਡੀਕੇਟ ‘ਡੀ-ਕੰਪਨੀ’ ਖ਼ਿਲਾਫ਼ ਕੇਸਾਂ ਦੀ ਜਾਂਚ ਕਰ ਰਹੀ ਐੱਨਆਈਏ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ।’ ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਦੇ ਛੋਟਾ ਸ਼ਕੀਲ ਨਾਲ ਨੇੜਲੇ ਸਬੰਧ ਹਨ ਅਤੇ ਦਾਊਦ ਇਬਰਾਹਿਮ ਵੱਲੋਂ ਚਲਾਈਆਂ ਜਾਣ ਵਾਲੀਆਂ ਗਤੀਵਿਧੀਆਂ ’ਚ ਸ਼ਾਮਲ ਸਨ। ਅਧਿਕਾਰੀ ਨੇ ਕਿਹਾ, ‘ਦੋਵੇਂ ਮੁਲਜ਼ਮ ਡੀ-ਕੰਪਨੀ ਦੀਆਂ ਗ਼ੈਰ ਕਾਨੂੰਨੀ ਗਤੀਵਿਧੀਆਂ ਤੇ ਮੁੰਬਈ ਦੇ ਪੱਛਮੀ ਨੀਮ ਸ਼ਹਿਰੀ ਇਲਾਕੇ ’ਚ ਅਤਿਵਾਦੀ ਫੰਡਿੰਗ ’ਚ ਸ਼ਾਮਲ ਸਨ।’ ਸੂਤਰਾਂ ਨੇ ਦੱਸਿਆ ਕਿ ਮੁੰਬਈ ਦੇ ਠਾਣੇ ’ਚ ਵੱਖ ਵੱਖ ਥਾਵਾਂ ’ਤੇ ਹਾਲ ਹੀ ’ਚ ਮਾਰੇ ਗਏ ਛਾਪਿਆਂ ਦੌਰਾਨ ਐੱਨਆਈਏ ਨੇ ਜਾਂਚ ਲਈ ਕਈ ਮਸ਼ਕੂਕਾਂ ਦਾ ਪਤਾ ਲਾਇਆ ਸੀ ਜਿਨ੍ਹਾਂ ’ਚ ਆਰਿਫ਼ ਤੇ ਸ਼ੱਬੀਰ ਵੀ ਸ਼ਾਮਲ ਸਨ। -ਪੀਟੀਆਈ