ਨਵੀਂ ਦਿੱਲੀ, 21 ਮਈ
ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਖ਼ਾਲਿਸਤਾਨ ਪੱਖੀ ਸੰਗਠਨ ਸਿੱਖਸ ਫਾਰ ਜਸਟਿਸ ਤੋਂ ਫੰਡ ਪ੍ਰਾਪਤ ਕਰਨ ਦੇ ਲੱਗੇ ਦੋਸ਼ਾਂ ਦੀ ਜਾਂਚ ਕੌਮੀ ਜਾਂਚ ਏਜੰਸੀ ਤੋਂ ਕਰਾਉਣ ਦੀ ਕੀਤੀ ਸਿਫ਼ਾਰਸ਼ ਤੋਂ ਕੁੱਝ ਦਿਨਾਂ ਬਾਅਦ ਕੇਂਦਰੀ ਏਜੰਸੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਈਡੀ ਨੇ ਗ੍ਰਹਿ ਮੰਤਰਾਲੇ ਨੂੰ ਅਗਸਤ 2023 ਵਿੱਚ ‘ਆਪ’ ਦੇ ਵਿਦੇਸ਼ੀ ਫੰਡਿੰਗ ਬਾਰੇ ਜਾਣਕਾਰੀ ਦਿੱਤੀ ਸੀ ਤੇ ਕਿਹਾ ਸੀ ਕਿ ਪਾਰਟੀ ਨੇ ਫੰਡ ਦੇਣ ਵਾਲਿਆਂ ਦੀ ਪਛਾਣ ਲੁਕਾਈ ਹੈ। ਸੂਤਰਾਂ ਨੇ ਕਿਹਾ ਕਿ 5 ਮਈ ਨੂੰ ਕੇਂਦਰੀ ਗ੍ਰਹਿ ਸਕੱਤਰ ਨੂੰ ਭੇਜੇ ਐੱਲਜੀ ਦੇ ਪ੍ਰਮੁੱਖ ਸਕੱਤਰ ਦੇ ਪੱਤਰ ’ਤੇ ਐੱਨਆਈਏ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗ੍ਰਹਿ ਮੰਤਰਾਲੇ ਨੂੰ ਪੱਤਰ ਇੱਕ ਸ਼ਿਕਾਇਤ ਤੋਂ ਬਾਅਦ ਦਿੱਤਾ ਗਿਆ, ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ‘ਆਪ’ ਨੇ 1993 ਦੇ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਵਿੱਚ ਸਹਾਇਤਾ ਕਰਨ ਅਤੇ ਖਾਲਿਸਤਾਨੀ ਪੱਖੀ ਭਾਵਨਾਵਾਂ ਦਾ ਸਮਰਥਨ ਕਰਨ ਲਈ ਕੱਟੜਪੰਥੀ ਖਾਲਿਸਤਾਨੀ ਸਮੂਹਾਂ ਤੋਂ 1.6 ਕਰੋੜ ਡਾਲਰ ਪ੍ਰਾਪਤ ਕੀਤੇ ਸਨ। ਸ਼ਿਕਾਇਤਕਰਤਾ ਰਾਸ਼ਟਰੀ ਜਨਰਲ ਸਕੱਤਰ ਵਰਲਡ ਹਿੰਦੂ ਫੈਡਰੇਸ਼ਨ ਇੰਡੀਆ ਆਸ਼ੂ ਮੋਂਗੀਆ ਸੀ। ਸ੍ਰੀ ਸਕਸੈਨਾ ਨੇ ਜਾਂਚ ਦੀ ਸਿਫਾਰਿਸ਼ ’ਚ ਕਿਹਾ ਕਿ ਸ਼ਿਕਾਇਤ ਮੌਜੂਦਾ ਮੁੱਖ ਮੰਤਰੀ ਖ਼ਿਲਾਫ਼ ਹੈ ਅਤੇ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਵੱਲੋਂ ਸਿਆਸੀ ਫੰਡਿੰਗ ਨਾਲ ਸਬੰਧਤ ਹੈ, ਇਸ ਲਈ ਇਸ ਦੀ ਡੂੰਘੀ ਜਾਂਚ ਦੀ ਲੋੜ ਹੈ। ਐੱਲਜੀ ਨੇ 5 ਮਈ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਕੇਜਰੀਵਾਲ ਵੱਲੋਂ ਜਨਵਰੀ 2014 ਵਿਚ ਇਕਬਾਲ ਸਿੰਘ ਨੂੰ ਲਿਖੇ ਪੱਤਰ ਦਾ ਹਵਾਲਾ ਦਿੱਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ “ਆਪ ਸਰਕਾਰ ਨੇ ਪਹਿਲਾਂ ਹੀ ਰਾਸ਼ਟਰਪਤੀ ਨੂੰ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਸਿਫਾਰਿਸ਼ ਕੀਤੀ ਹੈ ਅਤੇ ਇਸ ਸਮੇਤ ਹੋਰ ਮੁੱਦਿਆਂ ‘ਤੇ ਕੰਮ ਕਰੇਗੀ। ਇਕਬਾਲ ਸਿੰਘ ਉਸ ਸਮੇਂ ਭੁੱਲਰ ਦੀ ਰਿਹਾਈ ਦੇ ਲਿਖਤੀ ਭਰੋਸੇ ਲਈ ਜੰਤਰ-ਮੰਤਰ ‘ਤੇ ਮਰਨ ਵਰਤ ‘ਤੇ ਬੈਠੇ ਸਨ ਅਤੇ ਕੇਜਰੀਵਾਲ ਦਾ ਪੱਤਰ ਮਿਲਣ ਤੋਂ ਬਾਅਦ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਸੀ। ਮੋਂਗੀਆ ਨੇ ਖਾਲਿਸਤਾਨੀ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਜਾਰੀ ਵੀਡੀਓ ਦਾ ਹਵਾਲਾ ਦਿੱਤਾ, ਜਿਸ ਵਿੱਚ ਉਸ ਨੇ ਦੋਸ਼ ਲਗਾਇਆ ਕਿ ‘ਆਪ’ ਨੂੰ 2014 ਤੋਂ 2022 ਦਰਮਿਆਨ ਖਾਲਿਸਤਾਨੀ ਸਮੂਹਾਂ ਤੋਂ 1.6 ਕਰੋੜ ਡਾਲਰ ਮਿਲੇ ਹਨ। ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਕੇਜਰੀਵਾਲ ਨੇ 2014 ਵਿੱਚ ਆਪਣੀ ਫੇਰੀ ਦੌਰਾਨ ਗੁਰਦੁਆਰਾ ਰਿਚਮੰਡ ਹਿੱਲਜ਼ ਨਿਊਯਾਰਕ ਵਿਖੇ ਖਾਲਿਸਤਾਨੀ ਆਗੂਆਂ ਨਾਲ ਨਜ਼ਦੀਕੀ ਮੀਟਿੰਗਾਂ ਕੀਤੀਆਂ ਸਨ, ਜਿਸ ਵਿੱਚ ਕੇਜਰੀਵਾਲ ਨੇ ਖਾਲਿਸਤਾਨੀ ਧੜਿਆਂ ਤੋਂ ‘ਆਪ’ ਨੂੰ ਕਾਫੀ ਵਿੱਤੀ ਸਹਾਇਤਾ ਦੇਣ ਦੇ ਬਦਲੇ ਭੁੱਲਰ ਦੀ ਰਿਹਾਈ ਦੀ ਸਹੂਲਤ ਦੇਣ ਦਾ ਵਾਅਦਾ ਕੀਤਾ ਸੀ।