ਨਵੀਂ ਦਿੱਲੀ, 27 ਸਤੰਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਅਤਿਵਾਦੀਆਂ, ਗੈਂਗਸਟਰਾਂ ਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਦੇਸ਼ ਦੇ ਕਈ ਸੂਬਿਆਂ ਵਿੱਚ ਛਾਪੇ ਮਾਰੇ ਤੇ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ। ਜਾਂਚ ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਇਹ ਛਾਪੇ ਸੂਚੀਬੱਧ ਅਤਵਿਾਦੀ ਅਰਸ਼ ਡੱਲਾ ਦੇ ਸਹਿਯੋਗੀਆਂ ਤੇ ਹੋਰਨਾਂ ਗੈਂਗਸਟਰਾਂ ਖ਼ਿਲਾਫ਼ ਦਰਜ ਮਾਮਲਿਆਂ ਨਾਲ ਸਬੰਧਤ ਸਨ। ਉਨ੍ਹਾਂ ਕਿਹਾ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਉਤਰਾਖੰਡ ਸਣੇ ਦਿੱਲੀ ਅਤੇ ਚੰਡੀਗੜ੍ਹ ਵਿੱਚ ਕੁੱਲ 53 ਥਾਈਂ ਛਾਪੇ ਮਾਰੇ ਗਏ ਅਤੇ ਇਸ ਦੌਰਾਨ ਸਥਾਨਕ ਪੁਲੀਸ ਨੇ ਪੂਰਾ ਸਹਿਯੋਗ ਦਿੱਤਾ। ਇਨ੍ਹਾਂ ਛਾਪਿਆਂ ਦੌਰਾਨ ਪਿਸਤੌਲਾਂ, ਗੋਲਾ-ਬਰੂਦ, ਵੱਡੀ ਗਿਣਤੀ ਵਿੱਚ ਡਿਜੀਟਲ ਉਪਕਰਨ ਅਤੇ ਭੜਕਾਊ ਸਮੱਗਰੀ ਜ਼ਬਤ ਕੀਤੀ ਗਈ। ਜਾਂਚ ਏਜੰਸੀ ਦੀ ਇਹ ਕਾਰਵਾਈ ਪਾਕਿਸਤਾਨ, ਸੰਯੁਕਤ ਅਰਬ ਅਮੀਰਾਤ, ਕੈਨੇਡਾ, ਪੁਰਤਗਾਲ ਤੇ ਹੋਰ ਦੇਸ਼ਾਂ ਵਿੱਚ ਸਥਿਤ ਅਤਵਿਾਦੀ ਸੰਗਠਨਾਂ ਤੇ ਨਸ਼ਾ ਤਸਕਰਾਂ ਨਾਲ ਕੰਮ ਕਰਨ ਵਾਲੇ ਵੱਖ ਵੱਖ ਗਰੋਹਾਂ ਨਾਲ ਜੁੜੇ ਹਥਿਆਰਾਂ ਦੇ ਸਪਲਾਇਰਾਂ, ਫਾਇਨਾਂਸਰਾਂ ਤੇ ਹੋਰ ਸਾਮਾਨ ਮੁਹੱਈਆ ਕਰਵਾਉਣ ਵਾਲੇ ਅਨਸਰਾਂ ’ਤੇ ਕੇਂਦਰਿਤ ਸੀ। ਜਨਿ੍ਹਾਂ ਥਾਵਾਂ ’ਤੇ ਛਾਪੇ ਮਾਰੇ ਗਏ ਉਨ੍ਹਾਂ ਵਿੱਚ ਹਰਿਆਣਾ ਦਾ ਰੋਹਤਕ, ਸਿਰਸਾ, ਫਤਿਹਾਬਾਦ ਤੇ ਫਰੀਦਾਬਾਦ ਜ਼ਿਲ੍ਹੇ, ਰਾਜਸਥਾਨ ਵਿੱਚ ਸ੍ਰੀਗੰਗਾਨਗਰ, ਝੁੰਝੁਨੂੰ, ਹਨੁਮਾਨਗੜ੍ਹ ਤੇ ਜੋਧਪੁਰ ਜ਼ਿਲ੍ਹੇ, ਉੱਤਰ ਪ੍ਰਦੇਸ਼ ਵਿੱਚ ਗੋਰਖ਼ਪੁਰ, ਉਤਰਾਖੰਡ ਵਿੱਚ ਦੇਹਰਾਦੂਨ ਤੇ ਊਧਮਸਿੰਘ ਨਗਰ ਜ਼ਿਲ੍ਹੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਐੱਨਸੀਆਰ ਦੇ ਦੱਖਣ-ਪੂਰਬੀ ਜ਼ਿਲ੍ਹੇ ਅਤੇ ਚੰਡੀਗੜ੍ਹ ਵਿੱਚ ਵੀ ਛਾਪੇ ਮਾਰੇ ਗਏ। ਬੁਲਾਰੇ ਅਨੁਸਾਰ ਡੱਲਾ ਤੋਂ ਇਲਾਵਾ ਇਨ੍ਹਾਂ ਛਾਪਿਆਂ ਦੌਰਾਨ ਜਾਂਚ ਦੇ ਘੇਰੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ, ਸੁੱਖਾ ਦੁਨੇਕੇ, ਹੈਰੀ ਮੌਰ, ਨਰੇਂਦਰ ਉਰਫ ਲਾਲੀ, ਕਾਲਾ ਜਠੇੜੀ ਤੇ ਦੀਪਕ ਟੀਨੂੰ ਵੀ ਸਨ। ਅਗਸਤ 2022 ਵਿੱਚ ਪੰਜ ਮਾਮਲੇ ਦਰਜ ਕਰਨ ਮਗਰੋਂ ਐੱਨਆਈਏ ਵੱਲੋਂ ਸ਼ੁਰੂ ਕੀਤੀ ਗਈ ਕਾਰਵਾਈ ਦੀ ਲੜੀ ਤਹਿਤ ਇਹ ਸੱਤਵੀਂ ਛਾਪੇਮਾਰੀ ਸੀ। ਇਹ ਕੇਸ ਖਾਲਿਸਤਾਨ ਸਮਰਥਕ ਸੰਗਠਨਾਂ ਨੂੰ ਦਿੱਤੇ ਜਾਂਦੇ ਅਤਵਿਾਦੀ ਫੰਡ, ਗੈਂਗਸਟਰਾਂ ਵੱਲੋਂ ਕੀਤੀ ਜਾਂਦੀ ਜਬਰੀ ਵਸੂਲੀ ਤੇ ਹੱਤਿਆਵਾਂ ਦੀਆਂ ਸਾਜ਼ਿਸ਼ਾਂ ਨਾਲ ਸਬੰਧਤ ਹਨ। -ਪੀਟੀਆਈ
ਪੰਜਾਬ ਦੇ 13 ਜ਼ਿਲ੍ਹਿਆਂ ’ਚ 30 ਤੋਂ ਵੱਧ ਟਿਕਾਣਿਆਂ ’ਤੇ ਛਾਪੇ
ਚੰਡੀਗੜ੍ਹ (ਦਵਿੰਦਰ ਪਾਲ): ਐੱਨਆਈਏ ਅਤੇ ਪੰਜਾਬ ਪੁਲੀਸ ਨੇ ਅੱਜ ਸੂਬੇ ਦੇ 13 ਜ਼ਿਲ੍ਹਿਆਂ ਵਿੱਚ ਖਾਲਿਸਤਾਨ ਦੇ ਹਮਾਇਤੀਆਂ, ਗੈਂਗਸਟਰਾਂ ਤੇ ਉਨ੍ਹਾਂ ਦੇ ਸ਼ੱਕੀ ਟਿਕਾਣਿਆਂ ’ਤੇ ਛਾਪੇ ਮਾਰੇ। ਵੇਰਵਿਆਂ ਅਨੁਸਾਰ ਐੱਨਆਈਏ ਨੇ ਦਿਨ ਚੜ੍ਹਦਿਆਂ ਹੀ 30 ਤੋਂ ਵੱਧ ਸ਼ੱਕੀ ਟਿਕਾਣਿਆਂ ’ਤੇ ਇੱਕੋ ਸਮੇਂ ਛਾਪੇ ਮਾਰੇ। ਇਸ ਮੁਹਿੰਮ ਦੌਰਾਨ ਸ਼ੱਕੀ ਵਿਅਕਤੀਆਂ ਦੇ ਮੋਬਾਈਲ ਫੋਨਾਂ, ਲੈਪਟਾਪ, ਕੰਪਿਊਟਰ ਅਤੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਗਈ। ਸੂਤਰਾਂ ਅਨੁਸਾਰ ਜਾਂਚ ਏਜੰਸੀਆਂ ਵੱਲੋਂ 50 ਤੋਂ ਵੱਧ ਵਿਅਕਤੀਆਂ ਤੋਂ ਪੁੱਛ-ਪੜਤਾਲ ਕੀਤੀ ਗਈ ਅਤੇ ਫਿਰੋਜ਼ਪੁਰ ਵਿੱਚ ਇੱਕ ਵਿਅਕਤੀ ਨੂੰ ਐੱਨਆਈਏ ਨੇ ਹਿਰਾਸਤ ਵਿੱਚ ਲਿਆ। ਛਾਪਿਆਂ ਦੌਰਾਨ ਕਈ ਮੋਬਾਈਲ ਫੋਨ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਗਏ। ਪੁਲੀਸ ਅਨੁਸਾਰ ਇਨ੍ਹਾਂ ਛਾਪਿਆਂ ਦੌਰਾਨ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਪਰ ਬਾਅਦ ਵਿੱਚ ਛੱਡ ਦਿੱਤਾ ਗਿਆ। ਪੰਜਾਬ ਪੁਲੀਸ ਦੇ ਡੀਜੀਪੀ ਰੈਂਕ ਦੇ ਅਧਿਕਾਰੀ ਨੇ ਦੱਸਿਆ ਕਿ ਹਾਲ ਦੀ ਘੜੀ ਇੱਕ ਵਿਅਕਤੀ ਹਿਰਾਸਤ ਵਿੱਚ ਹੈ। ਤਫ਼ਤੀਸ਼ ਮੁਕੰਮਲ ਹੋਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਅਨੁਸਾਰ ਪਟਿਆਲਾ, ਸੰਗਰੂਰ, ਬਠਿੰਡਾ, ਮਾਨਸਾ, ਮੋਗਾ, ਫਿਰੋਜ਼ਪੁਰ, ਬਰਨਾਲਾ, ਫਰੀਦਕੋਟ, ਮੁਹਾਲੀ, ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ 30 ਤੋਂ ਵੱਧ ਪਿੰਡਾਂ ਅਤੇ ਕਸਬਿਆਂ ਵਿੱਚ ਛਾਪੇ ਮਾਰੇ ਗਏ। ਦੱਸਣਯੋਗ ਹੈ ਕਿ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਵਿੱਚ ਭਾਰਤੀ ਸਫਾਰਤਖਾਨਿਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਤਫ਼ਤੀਸ਼ ਵੀ ਐੱਨਆਈਏ ਕਰ ਰਹੀ ਹੈ। ਕੈਨੇਡਾ ਵਿੱਚ ਛੁਪੇ ਹੋਏ ਗੈਂਗਸਟਰ ਅਤੇ ਕੱਟੜਪੰਥੀ ਵੀ ਐੱਨਆਈਏ ਦੇ ਨਿਸ਼ਾਨੇ ’ਤੇ ਹਨ।