ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 22 ਨਵੰਬਰ
ਕੌਮੀ ਜਾਂਚ ਏਜੰਸੀ ਨੇ ਅੱਜ ਜੰਮੂ-ਕਸ਼ਮੀਰ ਅਤਿਵਾਦ ਫੰਡਿੰਗ ਮਾਮਲੇ ਸਬੰਧੀ ਸ੍ਰੀਨਗਰ ਦੀਆਂ ਕਈ ਥਾਵਾਂ ’ਤੇ ਛਾਪੇ ਮਾਰੇ ਤੇ ਮਨੁੱਖੀ ਅਧਿਕਾਰ ਕਾਰਕੁਨ ਖੁੱਰਮ ਪਰਵੇਜ਼ ਨੂੰ ਹਿਰਾਸਤ ਵਿਚ ਲਿਆ। ਐਨਆਈਏ ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਅਧਿਕਾਰੀਆਂ ਨੇ ਸੋਨਵਾੜ ਇਲਾਕੇ ਵਿੱਚ ਪਰਵੇਜ਼ ਦੇ ਘਰ ਅਤੇ ਅਮੀਰਾ ਕਦਲ ਸਥਿਤ ਦਫ਼ਤਰ ਦੀ ਤਲਾਸ਼ੀ ਲਈ ਤੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਏ। ਅਧਿਕਾਰੀਆਂ ਨੇ ਕਿਹਾ ਕਿ ਸਥਾਨਕ ਵਿਸ਼ੇਸ਼ ਅਦਾਲਤ ਵਲੋਂ ਟ੍ਰਾਂਜ਼ਿਟ ਰਿਮਾਂਡ ਹਾਸਲ ਕਰਨ ਤੋਂ ਬਾਅਦ ਭਲਕੇ ਉਸ ਨੂੰ ਨਵੀਂ ਦਿੱਲੀ ਲਿਜਾਇਆ ਜਾਵੇਗਾ।