ਨਵੀਂ ਦਿੱਲੀ/ਕੋਟਾ: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪਾਬੰਦੀਸ਼ੁਦਾ ਪਾਪੂਲਰ ਫਰੰਟ ਆਫ ਇੰਡੀਆ (ਪੀਐੱਫਆਈ) ਦੀਆਂ ਗੈਰਕਾਨੂੰਨੀ ਗਤੀਵਿਧੀਆਂ ਨਾਲ ਸਬੰਧਤ ਕੇਸ ਦੀ ਜਾਂਚ ਲਈ ਅੱਜ ਰਾਜਸਥਾਨ ਵਿੱਚ ਸੱਤ ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ। ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਕੋਟਾ ਵਿੱਚ ਤਿੰਨ ਛਾਪੇ ਮਾਰੇ ਗਏ ਜਦੋਂ ਕਿ ਮਾਧੋਪੁਰ, ਭੀਲਵਾੜਾ, ਬੂੰਦੀ ਤੇ ਜੈਪੁਰ ਜ਼ਿਲ੍ਹਿਆਂ ਵਿੱਚ ਇਕ-ਇਕ ਛਾਪਾ ਮਾਰਿਆ ਗਿਆ। ਇਸ ਕਾਰਵਾਈ ਦੌਰਾਨ ਡਿਜੀਟਲ ਉਪਕਰਨ, ਏਅਰਗੰਨ, ਹਥਿਆਰ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ। ਜ਼ਿਕਰਯੋਗ ਹੈ ਕਿ ਐੱਨਆਈਏ ਨੂੰ ਬੀਤੇ ਸਾਲ 19 ਸਤੰਬਰ ਨੂੰ ਸੂਚਨਾ ਮਿਲੀ ਸੀ ਕਿ ਪੀਐੱਫਆਈ ਦੇ ਮੈਂਬਰ ਸਾਦਿਕ ਸਰਾਫ ਵਾਸੀ ਬਾਰਨ ਅਤੇ ਮੁਹੰਮਦ ਆਸਿਫ ਵਾਸੀ ਕੋਟਾ ਇਸ ਸੰਸਥਾ ਦੇ ਅਹੁਦੇਦਾਰਾਂ ਨਾਲ ਮਿਲ ਕੇ ਗੈਰਕਾਨੂੰਨੀ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ। ਇਸ ਸਬੰਧ ਵਿੱਚ ਐੱਨਆਈਏ ਨੇ ਕੇਸ ਵੀ ਦਰਜ ਕੀਤਾ ਸੀ ਜਿਸ ਬਾਰੇ ਅਗਲੇਰੀ ਜਾਂਚ ਜਾਰੀ ਹੈ। ਇਕ ਹੋਰ ਜਾਣਕਾਰੀ ਅਨੁਸਾਰ ਐੱਨਆਈਏ ਦੀ ਟੀਮ ਕੋਟਾ ਦੇ ਵਿਜੈ ਨਗਰ ਇਲਾਕੇ ਦੀ ਅਮਨ ਕਲੋਨੀ ਵਿੱਚ ਵੀ ਪਹੁੰਚੀ ਅਤੇ ਐਡਵੋਕੇਟ ਅਨਸਾਰ ਇੰਦੌਰੀ ਦੀ ਰਿਹਾਇਸ਼ ‘ਤੇ ਛਾਪਾ ਮਾਰਿਆ ਤੇ ਕੁਝ ਦਸਤਾਵੇਜ਼ ਬਰਾਮਦ ਕੀਤੇ। ਅਨਸਾਰ ਇੰਦੌਰੀ ਨੇ ਐੱਨਆਈਏ ‘ਤੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਂਦਿਆਂ ਪੀਐੱਫਆਈ ਨਾਲ ਸਬੰਧ ਹੋਣ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਰਾਜਸਥਾਨ ਹਾਈ ਕੋਰਟ ਵਿੱਚ ਦਾਇਰ ਇਕ ਕੇਸ ਬਾਰੇ ਐੱਨਆਈਏ ਨੇ ਉਸ ਤੋਂ ਪੁੱਛ-ਪੜਤਾਲ ਕੀਤੀ। ਇਸ ਕੇਸ ਬਾਰੇ ਉਹ ਕਾਨੂੰਨੀ ਸਲਾਹਕਾਰ ਵਜੋਂ ਸੇਵਾਵਾਂ ਦੇ ਰਿਹਾ ਹੈ। ਇੰਦੌਰੀ ਨੇ ਸਾਲ 2018 ਵਿੱਚ ਸੋਸ਼ਲ ਡੈਮੋਕਰੈਟਿਕ ਪਾਰਟੀ ਤਰਫੋਂ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ। -ਪੀਟੀਆਈ