ਮੁੰਬਈ, 13 ਜਨਵਰੀ
ਬੰਬੇ ਹਾਈ ਕੋਰਟ ਨੇ ਅੱਜ ਕੇਂਦਰੀ ਏਜੰਸੀ ਐਨਆਈਏ ਤੇ ਮਹਾਰਾਸ਼ਟਰ ਸਰਕਾਰ ਨੂੰ ਕਿਹਾ ਹੈ ਕਿ ਕਵੀ ਤੇ ਕਾਰਕੁਨ ਵਰਵਰਾ ਰਾਓ ਦੀ ਜ਼ਮਾਨਤ ਅਰਜ਼ੀ ’ਤੇ ਜਵਾਬ ਦਾਖ਼ਲ ਕਰਨ ਵੇਲੇ ਉਨ੍ਹਾਂ ਦੀ ਉਮਰ ਤੇ ਸਿਹਤ ਨੂੰ ਵੀ ਧਿਆਨ ਵਿਚ ਰੱਖਿਆ ਜਾਵੇ। ਜ਼ਿਕਰਯੋਗ ਹੈ ਕਿ ਰਾਓ ਨੂੰ ਐਲਗਾਰ ਪ੍ਰੀਸ਼ਦ-ਮਾਓਵਾਦੀ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਦਾ ਡਿਵੀਜ਼ਨ ਬੈਂਚ ਭਲਕੇ ਰਾਓ ਦੀ ਜ਼ਮਾਨਤ ਅਰਜ਼ੀ ਉਤੇ ਸੁਣਵਾਈ ਕਰੇਗਾ। ਉਨ੍ਹਾਂ ਸਿਹਤ ਠੀਕ ਨਾ ਹੋਣ ਦੇ ਅਧਾਰ ’ਤੇ ਜ਼ਮਾਨਤ ਮੰਗੀ ਹੈ। ਦੱਸਣਯੋਗ ਹੈ ਕਿ ਰਾਓ ਨੂੰ ਪਿਛਲੇ ਮਹੀਨੇ ਨਾਨਾਵਤੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਪਤਨੀ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਤੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੱਤਾ ਸੀ। ਇਸ ਤੋਂ ਬਾਅਦ ਅਦਾਲਤ ਨੇ ਵਰਵਰਾ ਰਾਓ ਨੂੰ ਹਸਪਤਾਲ ਦਾਖ਼ਲ ਕਰਨ ਦੇ ਹੁਕਮ ਜਾਰੀ ਕੀਤੇ ਸਨ। ਹਸਪਤਾਲ ਲਗਾਤਾਰ ਉਨ੍ਹਾਂ ਦੀ ਸਿਹਤ ਬਾਰੇ ਹਾਈ ਕੋਰਟ ਨੂੰ ਜਾਣੂ ਕਰਵਾ ਰਿਹਾ ਹੈ। ਮਹਾਰਾਸ਼ਟਰ ਸਰਕਾਰ ਨੇ ਨਾਨਾਵਤੀ ਹਸਪਤਾਲ ਵਿਚ ਰਾਓ ਦੇ ਇਲਾਜ ਦਾ ਖ਼ਰਚਾ ਚੁੱਕਣ ਲਈ ਸਹਿਮਤੀ ਦਿੱਤੀ ਹੈ। ਜਸਟਿਸ ਐੱਸ.ਐੱਸ. ਸ਼ਿੰਦੇ ਨੇ ਏਜੰਸੀ ਨੂੰ ਕਿਹਾ ‘ਰਾਓ 88 ਵਰ੍ਹਿਆਂ ਦੇ ਹਨ, ਅਸੀਂ ਸਾਰੇ ਮਨੁੱਖ ਹਾਂ। ਜ਼ਮਾਨਤ ਅਰਜ਼ੀ ਖ਼ਿਲਾਫ਼ ਜਵਾਬ ਦਾਇਰ ਕਰਨ ਵੇਲੇ ਉਨ੍ਹਾਂ ਦੀ ਸਿਹਤ ਤੇ ਉਮਰ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।’ -ਪੀਟੀਆਈ