ਨਵੀਂ ਦਿੱਲੀ/ਮੁੰਬਈ: ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਮੁੰਬਈ ਸਥਿਤ ਰਿਹਾਇਸ਼ ਦੇ ਬਾਹਰ ਧਮਾਕਾਖ਼ੇਜ਼ ਸਮੱਗਰੀ ਵਾਲਾ ਵਾਹਨ ਮਿਲਣ ਦੇ ਮਾਮਲੇ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ (ਐਨਆਈਏ) ਕਰੇਗੀ। ਗ੍ਰਹਿ ਮੰਤਰਾਲੇ ਦੇ ਨਿਰਦੇਸ਼ ’ਤੇ ਐਨਆਈਏ ਨੇ ਇਹ ਕੇਸ ਆਪਣੇ ਹੱਥਾਂ ’ਚ ਲੈ ਲਿਆ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੇਸ ਦੁਬਾਰਾ ਦਰਜ ਕੀਤਾ ਜਾ ਰਿਹਾ ਹੈ। 25 ਫਰਵਰੀ ਨੂੰ 20 ਜਿਲੇਟਿਨ ਸਟਿੱਕ ਵਾਲੀ ਸਕਾਰਪੀਓ ਜੀਪ ਅੰਬਾਨੀ ਦੀ ਬਹੁ-ਮੰਜ਼ਿਲਾ ਰਿਹਾਇਸ਼ ਨੇੜੇ ਮਿਲੀ ਸੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਐਨਆਈਏ ਵੱਲੋਂ ਇਸ ਕੇਸ ਨੂੰ ਆਪਣੇ ਹੱਥਾਂ ਵਿਚ ਲੈਣ ਤੋਂ ਜਾਪਦਾ ਹੈ ਕਿ ਕੁਝ ‘ਸ਼ੱਕੀ’ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਕੀ ਅਮਲੇ ’ਤੇ ਭਰੋਸਾ ਕੀਤਾ ਜਾਣਾ ਚਾਹੀਦਾ ਹੈ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਵੀ ਕਿਹਾ ਕਿ ਸੂਬਾ ਪੁਲੀਸ ਇਸ ਕੇਸ ਨੂੰ ਹੱਲ ਕਰਨ ਦੇ ਸਮਰੱਥ ਸੀ। -ਪੀਟੀਆਈ