ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਨੇ ਸਿੰਘੂ ਹੱਦ ’ਤੇ ਹੋਏ ਨੌਜਵਾਨ ਦੇ ਕਤਲ ਦੀ ਨਿਖੇਧੀ ਕਰਦਿਆਂ ਇਸ ਘਟਨਾ ਦੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।
ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸੇ ਵੀ ਧਾਰਮਿਕ ਪੁਸਤਕ ਦੀ ਬੇਅਦਬੀ ਨਿੰਦਣਯੋਗ ਮਾਮਲਾ ਹੈ ਅਤੇ ਇਹ ਕਿਸੇ ਲਈ ਵੀ ਨੁਕਸਾਨਦਾਇਕ ਹੋ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਨੂੰਨ ਕਿਸੇ ਵੀ ਇਨਸਾਨ ਨੂੰ ਖੁਦ ਜੱਜ ਬਣ ਕੇ ਸਜ਼ਾ ਦੇਣ ਦਾ ਅਧਿਕਾਰ ਨਹੀਂ ਦਿੰਦਾ। ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਅਜਿਹੀ ਸਥਿਤੀ ’ਚ ਇੱਕ ਵਿਅਕਤੀ ਦਾ ਕਤਲ ਹੋਰ ਵੀ ਭਿਆਨਕ ਅਤੇ ਸ਼ੱਕੀ ਮਾਮਲਾ ਬਣ ਜਾਂਦਾ ਹੈ। ਉਗਰਾਹਾਂ ਨੇ ਕਿਹਾ ਮੀਡੀਆ ਵਿੱਚ ਨਸ਼ਰ ਹੋਈਆਂ ਖ਼ਬਰਾਂ ਤੇ ਤਸਵੀਰਾਂ ਅਨੁਸਾਰ ਕਤਲ ਨੂੰ ਹੱਲਾਸ਼ੇਰੀ ਦੇਣ ਵਾਲਾ ਨਿਹੰਗ ਅਮਨ ਸਿੰਘ ਕੇਂਦਰੀ ਮੰਤਰੀਆਂ ਤੇ ਆਗੂਆਂ ਨਾਲ ਮੀਟਿੰਗਾਂ ਕਰਦਾ ਰਿਹਾ ਹੈ। ਦੋਵਾਂ ਪ੍ਰਮੁੱਖ ਆਗੂਆਂ ਨੇ ਕਿਹਾ ਕਿ ਨਿਹੰਗਾਂ ਦੀ ਸੰਸਥਾ ਕਦੇ ਵੀ ਸੰਘਰਸ਼ਸ਼ੀਲ ਕਿਸਾਨ ਮੰਚ ਦਾ ਹਿੱਸਾ ਨਹੀਂ ਰਹੀ ਹੈ ਅਤੇ ਹੁਣ ਤਾਂ ਇਸ ਦੇ ਸਬੂਤ ਵੀ ਸਾਹਮਣੇ ਆ ਗਏ ਹਨ। ਪੁਲੀਸ ਕੈਟ ਵਜੋਂ ਬਦਨਾਮ ਪਿੰਕੀ ਦੀ ਮੌਜੂਦਗੀ ਵੀ ਇਨ੍ਹਾਂ ਮੀਟਿੰਗਾਂ ਦੇ ਪਿੱਛੇ ਸਾਜ਼ਿਸ਼ ਦੇ ਉਦੇਸ਼ਾਂ ਵੱਲ ਇਸ਼ਾਰਾ ਕਰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਲੀਡਰਸ਼ਿਪ ਵਿਰੁੱਧ ਦੁਬਾਰਾ ਜ਼ਹਿਰੀਲੀ ਪ੍ਰਚਾਰ ਮੁਹਿੰਮ ਚਲਾਉਣ ਅਤੇ ਖੱਬੇ ਪੱਖੀਆਂ ਤੇ ਸਿੱਖਾਂ ਵਿਚਾਲੇ ਬੇਬੁਨਿਆਦ ਲੜਾਈ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।