ਓਟਵਾ, 22 ਮਈ
ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮੁਲਜ਼ਮ ਚਾਰ ਭਾਰਤੀ ਨਾਗਰਿਕਾਂ ਨੂੰ ਕੈਨੇਡਾ ਦੀ ਅਦਾਲਤ ਨੇ ਭਾਈਚਾਰੇ ਦੇ ਮੈਂਬਰਾਂ ਨਾਲ ਸੰਪਰਕ ਨਾ ਕਰਨ ਦਾ ਹੁਕਮ ਦਿੱਤਾ ਹੈ। ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਪਹਿਲੀ ਵਾਰ ਕੈਨੇਡਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਚਾਰ ਮੁਲਜ਼ਮਾਂ ਵਿੱਚੋਂ ਤਿੰਨ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨਪ੍ਰੀਤ ਸਿੰਘ (28) ਸਰੀ ਦੀ ਬ੍ਰਿਟਿਸ਼ ਕੋਲੰਬੀਆ ਅਦਾਲਤ ਵਿੱਚ ਪੇਸ਼ ਹੋਏ, ਜਦੋਂਕਿ ਅਮਨਦੀਪ ਸਿੰਘ (22) ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਏ। ਅਮਨਦੀਪ ਸਿੰਘ ਹਥਿਆਰਾਂ ਨਾਲ ਸਬੰਧਤ ਇੱਕ ਹੋਰ ਕੇਸ ਵਿੱਚ ਓਨਟਾਰੀਓ ਵਿੱਚ ਹਿਰਾਸਤ ਵਿੱਚ ਹੈ। ਉਸ ਨੂੰ ਨਿੱਝਰ ਕਤਲ ਕੇਸ ਵਿੱਚ 10 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜੱਜ ਮਾਰਕ ਜੈੱਟ ਨੇ ਮਾਮਲੇ ਦੀ ਅਗਲੀ ਸੁਣਵਾਈ 25 ਜੂਨ ਤੱਕ ਮੁਲਤਵੀ ਕਰ ਦਿੱਤੀ ਹੈ।ਮੁਲਜ਼ਮਾਂ ਨੇ ਅਦਲਾਤ ਵਿੱਚ ਪੇਸ਼ੀ ਸਮੇਂ ਜੇਲ੍ਹ ਦੇ ਕੱਪੜੇ ਪਾਏ ਹੋਏ ਸਨ। ਅਦਾਲਤ ‘ਚ ਦਾਖਲ ਹੋਣ ਤੋਂ ਪਹਿਲਾਂ ਅਦਾਲਤ ‘ਚ ਮੌਜੂਦ ਲੋਕਾਂ ਦੀ ਤਲਾਸ਼ੀ ਲਈ ਗਈ, ਜਦਕਿ ਨਿੱਝਰ ਦੇ ਸਮਰਥਕਾਂ ਨੇ ਅਦਾਲਤ ਦੇ ਬਾਹਰ ਪ੍ਰਦਰਸ਼ਨ ਕੀਤਾ।