ਸ਼ਿਮਲਾ, 25 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ’ਚ ਅੱਜ ਪਹਾੜ ਖਿਸਕਣ ਦੀਆਂ ਵੱਖ ਵੱਖ ਘਟਨਾਵਾਂ ’ਚ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਾਂਗਲਾ-ਛਿਤਕੁਲ ਨੇੜੇ ਬਟਸੇਰੀ ਕੋਲ ਪਹਾੜ ਖਿਸਕਣ ਦੀਆਂ ਕਈ ਘਟਨਾਵਾਂ ਵਾਪਰੀਆਂ। ਪੁਲੀਸ ਨੇ ਦੱਸਿਆ ਕਿ ਇੱਕ ਟੈਂਪੂ ’ਤੇ ਭਾਰੀ ਚੱਟਾਨਾਂ ਡਿੱਗਣ ਕਾਰਨ ਉਸ ’ਚ ਸਵਾਰ 11 ਜਣਿਆਂ ’ਚੋਂ 9 ਦੀ ਮੌਤ ਹੋ ਗਈ ਤੇ ਦੋ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ’ਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤੇ ਅੱਗੇ ਦੀ ਜਾਣਕਾਰੀ ਲਈ ਉਡੀਕ ਕੀਤੀ ਜਾ ਰਹੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਕਿੰਨੌਰ ਹਾਦਸੇ ’ਚ ਹੋਈਆਂ ਮੌਤਾਂ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਰਾਹਤ ਕੋਸ਼ ’ਚੋਂ 2-2 ਲੱਖ ਰੁਪਏ ਤੇ ਜ਼ਖ਼ਮੀਆਂ ਲਈ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ। ਉਨ੍ਹਾਂ ਜ਼ਖਮੀਆਂ ਦੇ ਮੁਕੰਮਲ ਇਲਾਜ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। -ਪੀਟੀਆਈ
ਦਿੱਲੀ, ਰਾਜਸਥਾਨ, ਮਹਾਰਾਸ਼ਟਰ, ਛੱਤੀਸਗੜ੍ਹ ਨਾਲ ਸਬੰਧਤ ਹਨ ਮ੍ਰਿਤਕ ਅਤੇ ਜ਼ਖ਼ਮੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਹਿਮਾਚਲ ਦੇ ਕਿਨੌਰ ਜ਼ਿਲ੍ਹੇ ਵਿੱਚ ਜ਼ਮੀਨ ਖ਼ਿਸਕਣ ਕਾਰਨ ਮਾਰੇ ਗਏ 9 ਸੈਲਾਨੀਆਂ ਵਿੱਚ ਦਿੱਲੀ ਦੇ ਟੈਗੋਰ ਗਾਰਡਨ ਦੇ ਰਘੁਬੀਰ ਨਗਰ ਦਾ ਉਮਰਾਬ ਸਿੰਘ ਵੀ ਸ਼ਾਮਲ ਸੀ ਜੋ ਗੱਡੀ ਦਾ ਡਰਾਈਵਰ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜ਼ਖ਼ਮੀਆਂ ਵਿਚ ਸਰੀਲ ਉਬਰਾਇ ਰਮੇਸ਼ ਨਗਰ (ਪੱਛਮੀ ਦਿੱਲੀ) ਵੀ ਸ਼ਾਮਲ ਹੈ। ਹਰਿਆਣਾ ਨੰਬਰ ਦੀ ਗੱਡੀ ਵਿਚ ਸਵਾਰ ਯਾਤਰੀ ਚਿਤਕੁਲ-ਸਾਂਗਲਾ ਰੋਡ ’ਤੇ ਬਟਸੇਰੀ ਨੇੜੇ ਪੱਥਰਾਂ ਦੀ ਲਪੇਟ ’ਚ ਆ ਗਏ। ਬਾਕੀ ਯਾਤਰੀ ਮਹਾਰਾਸ਼ਟਰ,ਰਾਜਸਥਾਨ, ਛੱਤੀਸਗੜ੍ਹ ਨਾਲ ਸਬੰਧਤ ਹਨ।