ਆਤਿਸ਼ ਗੁਪਤਾ
ਚੰਡੀਗੜ੍ਹ, 1 ਅਗਸਤ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅੱਜ ਇਨੈਲੋ ਆਗੂ ਓਮ ਪ੍ਰਕਾਸ਼ ਚੌਟਾਲਾ ਨਾਲ ਉਨ੍ਹਾਂ ਦੀ ਗੁਰੂਗ੍ਰਾਮ ਸਥਿਤ ਰਿਹਾਇਸ਼ੀ ਵਿਖੇ ਦੋ ਘੰਟੇ ਚੱਲੀ ਬੰਦ ਕਮਰਾ ਮੀਟਿੰਗ ਮਗਰੋਂ ਤੀਜਾ ਸਿਆਸੀ ਫ਼ਰੰਟ ਹੋਂਦ ’ਚ ਆਉਣ ਦੀਆਂ ਚਰਚਾਵਾਂ ਨੂੰ ਖੰਭ ਲੱਗ ਗਏ ਹਨ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਟਾਲਾ ਤੀਜਾ ਸਿਆਸੀ ਫਰੰਟ ਬਣਾਉਣ ਦਾ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ। ਸ੍ਰੀ ਚੌਟਾਲਾ ਨੇ ਬਿਹਾਰ ਦੇ ਮੁੱਖ ਮੰਤਰੀ ਨੂੰ ਅੱਜ ਆਪਣੇ ਘਰ ਦੁਪਹਿਰ ਦੇ ਖਾਣੇ ’ਤੇ ਸੱਦਿਆ ਸੀ। ਨਿਤੀਸ਼ ਕੁਮਾਰ ਨਾਲ ਜੇਡੀ (ਯੂ) ਨੇਤਾ ਕੇ.ਸੀ. ਤਿਆਗੀ ਵੀ ਪਹੁੰਚੇ ਹੋਏ ਸਨ। ਇਨ੍ਹਾਂ ਆਗੂਆਂ ਵਿਚਾਲੇ ਕਰੀਬ ਦੋ ਘੰਟੇ ਚੱਲੀ ਬੰਦ ਕਮਰਾ ਮੀਟਿੰਗ ਵਿੱਚ ਕਈ ਸਿਆਸੀ ਮਾਮਲਿਆਂ ’ਤੇ ਚਰਚਾ ਕੀਤੀ ਗਈ। ਇਸ ਮੌਕੇ ਇਨੈਲੋ ਨੇਤਾ ਅਭੈ ਚੌਟਾਲਾ ਅਤੇ ਕਰਨ ਚੌਟਾਲਾ ਵੀ ਹਾਜ਼ਰ ਸਨ।