ਨਵੀਂ ਦਿੱਲੀ, 21 ਅਗਸਤ
ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਆਗੂ ਤੇਜਸਵੀ ਯਾਦਵ ਨੇ ਅੱਜ ਕਿਹਾ ਕਿ ਜੇਕਰ ਵਿਰੋਧੀ ਧਿਰਾਂ 2024 ਦੀਆਂ ਆਮ ਚੋਣਾਂ ਵਿੱਚ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰੀ ਦੇ ਮਾਮਲੇ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਨਾਮ ’ਤੇ ਸਹਿਮਤੀ ਦੇ ਦਿੰਦੀਆਂ ਹਨ ਤਾਂ ਉਹ ‘ਮਜ਼ਬੂਤ ਉਮੀਦਵਾਰ’ ਵਜੋਂ ਉਭਰ ਸਕਦੇ ਹਨ। ਹਾਲ ਹੀ ਵਿੱਚ ਭਾਜਪਾ ਨੂੰ ਛੱਡ ਕੇ ਦੂਜੀ ਵਾਰ ਆਰਜੇਡੀ ਦੀ ਅਗਵਾਈ ਵਾਲੇ ਮਹਾਗਠਬੰਧਨ ਨਾਲ ਆਉਣ ਵਾਲੇ ਨਿਤੀਸ਼ ਕੁਮਾਰ ਬਾਰੇ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਅਪਾਰ ਸਮਰਥਨ ਹਾਸਲ ਹੈ। ਜਨਤਾ ਦਲ (ਯੂਨਾਈਟਿਡ), ਆਰਜੇਡੀ, ਕਾਂਗਰਸ ਅਤੇ ਹੋਰ ਪਾਰਟੀਆਂ ਦੇ ਇੱਕਜੁਟ ਹੋਣ ਮਗਰੋਂ ਮਹਾਗਠਬੰਧਨ ਦੇ ਸੱਤਾ ਵਿੱਚ ਆਉਣ ਨੂੰ ਤੇਜਸਵੀ ਯਾਦਵ ਨੇ ‘ਵਿਰੋਧੀ ਧਿਰ ਦੀ ਏਕਤਾ ਲਈ ਸ਼ੁਭ ਸੰਕੇਤ’ ਕਰਾਰ ਦਿੱਤਾ ਹੈ। ਬਿਹਾਰ ਵਿੱਚ ਨਵੀਂ ਬਣੀ ਸਰਕਾਰ ’ਚ ਤੇਜਸਵੀ ਉਪ ਮੁੱਖ ਮੰਤਰੀ ਹਨ।
ਇਹ ਪੁੱਛੇ ਜਾਣ ’ਤੇ ਕਿ ਕੀ ਨਿਤੀਸ਼ ਕੁਮਾਰ 2024 ਦੀਆਂ ਲੋਕ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰੀ ਵਾਸਤੇ ਸਭ ਤੋਂ ਬਿਹਤਰੀਨ ਹਨ ਅਤੇ ਕੀ ਉਹ ਵਿਰੋਧੀ ਧਿਰ ਦੇ ਉਮੀਦਵਾਰ ਹੋ ਸਕਦੇ ਹਨ। ਇਸ ਦਾ ਜਵਾਬ ਦਿੰਦਿਆਂ ਯਾਦਵ ਨੇ ਕਿਹਾ, ‘‘ਮੈਂ ਇਹ ਸਵਾਲ ਮਾਣਯੋਗ ਨਿਤੀਸ਼ ਜੀ ’ਤੇ ਛੱਡਦਾ ਹਾਂ। ਮੈਂ ਪੂਰੀ ਵਿਰੋਧੀ ਧਿਰ ਵਲੋਂ ਬੋਲਣ ਦਾ ਦਾਅਵਾ ਨਹੀਂ ਕਰ ਸਕਦਾ। ਹਾਲਾਂਕਿ ਜੇਕਰ ਵਿਚਾਰ ਕੀਤਾ ਜਾਵੇ ਤਾਂ ਨਿਤੀਸ਼ ਜੀ ਯਕੀਨੀ ਤੌਰ ਮਜ਼ਬੂਤ ਉਮੀਦਵਾਰ ਹੋ ਸਕਦੇ ਹਨ।’’ -ਪੀਟੀਆਈ