ਪਟਨਾ, 14 ਮਾਰਚ
ਬਿਹਾਰ ਵਿਧਾਨ ਸਭਾ ’ਚ ਅੱਜ ਉਸ ਸਮੇਂ ਅਜੀਬ ਸਥਿਤੀ ਬਣ ਗਈ ਜਦੋਂ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਸਪੀਕਰ ਵਿਜੈ ਕੁਮਾਰ ਸਿਨਹਾ ਵਿਚਕਾਰ ਇਕ ਮੁੱਦੇ ਨੂੰ ਲੈ ਕੇ ਗਰਮਾ-ਗਰਮ ਬਹਿਸ ਹੋ ਗਈ। ਇਕ ਮਾਮਲੇ ਦੀ ਸਰਕਾਰ ਵੱਲੋਂ ਕਰਵਾਈ ਜਾ ਰਹੀ ਜਾਂਚ, ਜਿਸ ਨੂੰ ਮਰਿਆਦਾ ਕਮੇਟੀ ਹਵਾਲੇ ਵੀ ਕੀਤਾ ਗਿਆ ਹੈ, ਨੂੰ ਸਦਨ ’ਚ ਵਾਰ ਵਾਰ ਉਠਾਉਣ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਰੋਸ ਪ੍ਰਗਟਾਇਆ। ਜਦੋਂ ਸਪੀਕਰ ਨੇ ਕੈਬਨਿਟ ਮੰਤਰੀ ਬਿਜੇਂਦਰ ਯਾਦਵ ਨੂੰ ਕਿਹਾ ਕਿ ਉਹ ਸਦਨ ਨੂੰ ਲੱਖੀਸਰਾਏ ’ਚ ਵਾਪਰੀ ਘਟਨਾ ਦੇ ਸਬੰਧ ’ਚ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦੇਣ ਤਾਂ ਮੁੱਖ ਮੰਤਰੀ ਨੇ ਇਸ ’ਤੇ ਇਤਰਾਜ਼ ਜਤਾਇਆ। ਨਿਤੀਸ਼ ਨੇ ਕਿਹਾ ਕਿ ਵਾਰ-ਵਾਰ ਜਵਾਬ ਮੰਗਣਾ ਨਿਯਮਾਂ ਦੇ ਵਿਰੁੱਧ ਹੈ। ਸਪੀਕਰ ਅਤੇ ਮੁੱਖ ਮੰਤਰੀ ਵਿਚਕਾਰ ਜਾਂਚ ਨੂੰ ਲੈ ਕੇ ਚੱਲ ਰਹੇ ਟਕਰਾਅ ਨੂੰ ਰਾਜਸੀ ਹਲਕੇ ਜਨਤਾ ਦਲ (ਯੂ) ਤੇ ਭਾਜਪਾ ਦੇ ਸਬੰਧਾਂ ਵਿਚਾਲੇ ਆਈ ਖਟਾਸ ਮੰਨ ਰਹੇ ਹਨ। ਨਿਤੀਸ਼ ਨੇ ਕਿਹਾ ਕਿ ਅਜਿਹੇ ਮਾਮਲਿਆਂ ’ਚ ਸਰਕਾਰ ਤੇ ਪੁਲੀਸ ਨੇ ਕਾਰਵਾਈ ਕਰਨੀ ਹੁੰਦੀ ਹੈ। ‘ਕੀ ਸਦਨ ਇਸ ਮਾਮਲੇ ’ਚ ਦਖ਼ਲ ਦੇ ਸਕਦਾ ਹੈ? ਮੈਂ ਮੁੱਖ ਮੰਤਰੀ ਵਜੋਂ ਚੌਥੀ ਵਾਰ ਸੇਵਾ ਨਿਭਾਅ ਰਿਹਾ ਹਾਂ। ਮੈਂ ਵਿਧਾਨ ਸਭਾ ਦਾ ਵੀ ਇਕ ਵਾਰ ਮੈਂਬਰ ਰਿਹਾ ਹਾਂ। ਬੇਨਤੀ ਹੈ ਕਿ ਸਦਨ ਨੂੰ ਇਸ ਢੰਗ ਨਾਲ ਨਾ ਚਲਾਓ।’ ਸਿਨਹਾ ਨੇ ਮੁੱਖ ਮੰਤਰੀ ਦੇ ਗਿਆਨ ਅਤੇ ਤਜਰਬੇ ਦੀ ਗੱਲ ਆਖਦਿਆਂ ਮਾਹੌਲ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਮਾਮਲੇ ਨੂੰ ਮਰਿਆਦਾ ਕਮੇਟੀ ਹਵਾਲੇ ਕੀਤੇ ਜਾਣ ਮਗਰੋਂ ਉਨ੍ਹਾਂ ਕਿਸੇ ਬਹਿਸ ’ਚ ਸ਼ਾਮਲ ਨਾ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਹੁਕਮਰਾਨ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਇਸ ਮੁੱਦੇ ’ਤੇ ਵਾਰ ਵਾਰ ਰੌਲਾ ਪਾਇਆ ਜਿਸ ਮਗਰੋਂ ਸਦਨ ਦਾ ਨਿਗਰਾਨ ਹੋਣ ਦੇ ਨਾਤੇ ਉਨ੍ਹਾਂ ਇਹ ਜਾਣਕਾਰੀ ਮੰਗੀ ਸੀ। -ਪੀਟੀਆਈ