ਰਾਮਗੜ੍ਹ (ਬਿਹਾਰ), 10 ਨਵੰਬਰ
ਜਨ ਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਵਰ੍ਹਦਿਆਂ ਉਨ੍ਹਾਂ ਨੂੰ ‘ਬੇਸ਼ਰਮ’ ਕਰਾਰ ਦਿੱਤਾ ਅਤੇ ਉਨ੍ਹਾਂ ’ਤੇ ਭਾਜਪਾ ਨਾਲ ਗੱਠਜੋੜ ਕਰਕੇ ਮੁਸਲਮਾਨਾਂ ਦੀ ‘ਪਿੱਠ ’ਚ ਛੁਰਾ’ ਮਾਰਨ ਦਾ ਦੋਸ਼ ਲਾਇਆ ਹੈ। ਸਾਬਕਾ ਸਿਆਸੀ ਵਿਸ਼ਲੇਸ਼ਕ ਕਿਸ਼ੋਰ ਜੋ ਕਿ ਕਦੇ ਨਿਤੀਸ਼ ਕੁਮਾਰ ਦੇ ਬੇਹੱਦ ਕਰੀਬੀ ਸਾਥੀ ਸਨ, ਨੇ ਟਿੱਪਣੀ ਜਨਤਾ ਦਲ (ਯੂ) ਮੁਖੀ ਵੱਲੋਂ ਚਾਰ ਅਸੈਂਬਲੀ ਹਲਕਿਆਂ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਦੌਰਾਨ ਘੱਟਗਿਣਤੀ ਭਾਈਚਾਰਿਆਂ ਤੱਕ ਪਹੁੰਚ ਕਰਨ ਸਬੰਧੀ ਸਵਾਲ ’ਤੇ ਜਵਾਬ ’ਚ ਕੀਤੀ।
ਕਿਸ਼ੋਰ ਨੇ ਤਨਜ਼ ਕਰਦਿਆਂ ਆਖਿਆ, ‘‘ਹਾਂ, ਅਸਲ ’ਚ ਨਿਤੀਸ਼ ਕੁਮਾਰ ਨੇ ਮੁਸਲਮਾਨਾਂ ਲਈ ਬਹੁਤ ਕੁਝ ਕੀਤਾ ਹੈ ਉਨ੍ਹਾਂ ਦੀ ਪਿੱਠ ’ਚ ਛੁਰਾ ਮਾਰਿਆ ਹੈ। ਉਨ੍ਹਾਂ ਨੇ 2015 ਵਿੱਚ ਮੁਸਲਮਾਨਾਂ ਦੇ ਸਹਿਯੋਗ ਨਾਲ ਸਰਕਾਰ ਬਣਾਈ ਅਤੇ ਦੋ ਵਰ੍ਹਿਆਂ ਬਾਅਦ ਭਾਜਪਾ ਨਾਲ ਮੁੜ ਗੱਠਜੋੜ ਕਰ ਲਿਆ। ਹੁਣ ਉਨ੍ਹਾਂ ਦੀ ਪਾਰਟੀ ਕੇਂਦਰ ਸਰਕਾਰ ’ਚ ਭਾਈਵਾਲ ਹੈ ਤੇ ਉਸ ਦੀ ਪਾਰਟੀ ਦੇ ਨੇਤਾ ਕੇਂਦਰੀ ਕੈਬਨਿਟ ’ਚ ਮੰਤਰੀ ਹਨ ਜਿਸ ਨੇ ਵਿਵਾਦਤ ਵਕਫ਼ ਬਿੱਲ ਲਿਆਂਦਾ ਹੈ।’’ ਜਨਤਾ ਦਲ (ਯੂ) ਦੇ ਸਾਬਕਾ ਕੌਮੀ ਉਪ ਪ੍ਰਧਾਨ ਨੇ ਬਿਹਾਰ ਦੇ ਮੁੱਖ ਮੰਤਰੀ ’ਤੇ ਉਸ ਕਾਨੂੰਨ ਦੀ ਹਮਾਇਤ ਕਰਨ ਦਾ ਦੋਸ਼ ਵੀ ਲਾਇਆ ਜਿਸ ਰਾਹੀਂ ਮੁਸਲਮਾਨਾਂ ਨੂੰ ਵੋਟ ਦੇ ਹੱਕ ਤੋਂ ਵਾਂਝਿਆਂ ਕਰਨ ਦਾ ਖ਼ਤਰਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਆਖਿਆ, ‘‘ਨਿਤੀਸ਼ ਕੁਮਾਰ ‘ਬੇਸ਼ਰਮ’ ਬੰਦਾ ਹੈ, ਜਿਸ ਤੋਂ ਬਿਹਾਰ ਦੇ ਲੋਕ ਨਾਰਾਜ਼ ਹਨ ਅਤੇ ਉਸ ਨੂੰ ਸੱਤਾ ਤੋਂ ਬਾਹਰ ਕਰਨਾ ਚਾਹੁੰਦੇ ਹਨ।’’ -ਪੀਟੀਆਈ
‘‘ਹਿੰਦੂਆਂ ਨੂੰ ਅਸੁਰੱਖਿਅਤ ਮਹਿਸੂਸ ਕਰਵਾਉਣਾ ਭਾਜਪਾ ਦੀ ਪੁਰਾਣੀ ਨੀਤੀ’’
ਪ੍ਰਸ਼ਾਂਤ ਕਿਸ਼ੋਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਾਅਰੇ ‘ਕਟੇਂਗੇ ਤੋ ਬਟੇਂਗੇ’ ਬਾਰੇ ਕਿਹਾ, ‘‘ਇਹ ਭਾਜਪਾ ਦੀ ਹਿੰਦੂਆਂ ਨੂੰ ਅਸੁਰੱਖਿਅਤ ਮਹਿਸੂਸ ਕਰਵਾਉਣ ਅਤੇ ਇਸ ਰਾਹੀਂ ਵੋਟਾਂ ਦਾ ਲਾਹਾ ਲੈਣ ਦੀ ਪੁਰਾਣੀ ਰਣਨੀਤੀ ਹੈ। ਪਾਰਟੀ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਨੇ ਬਿਹਾਰ ’ਚ ਕਿੰਨੀਆਂ ਫੈਕਟਰੀਆਂ ਸਥਾਪਤ ਕੀਤੀਆਂ ਹਨ।’’