ਪਟਨਾ, 15 ਨਵੰਬਰ
ਬਿਹਾਰ ਵਿੱਚ ਸਰਬਸੰਮਤੀ ਨਾਲ ਐੱਨਡੀਏ ਵਿਧਾਇਕ ਦਲ ਦੇ ਆਗੂ ਚੁਣੇ ਨਿਤੀਸ਼ ਕੁਮਾਰ ਸੋਮਵਾਰ ਨੂੰ ਲਗਾਤਾਰ ਚੌਥੀ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ। ਨਿਤੀਸ਼ ਦੇ ਨਾਲ 16 ਤੋਂ 17 ਮੰਤਰੀਆਂ ਦੇ ਸਹੁੰ ਚੁੱਕਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਨਵੀਂ ਸਰਕਾਰ ਵਿੱਚ ਜੇਡੀਯੂ ਤੇ ਭਾਜਪਾ ਦੇ 7-7 ਜਦੋਂਕਿ ਵੀਆਈਪੀ ਤੇ ਹਿੰਦੁਸਤਾਨੀ ਅਵਾਮ ਮੋਰਚਾ (ਸੈਕੁਲਰ) ਦਾ ਇਕ-ਇਕ ਮੰਤਰੀ ਹੋਵੇਗਾ। ਨਿਤੀਸ਼ ਨੇ ਅੱਜ ਰਾਜ ਭਵਨ ਵਿੱਚ ਰਾਜਪਾਲ ਫਾਗੂ ਚੌਹਾਨ ਨਾਲ ਮੁਲਾਕਾਤ ਕਰਕੇ 125 ਵਿਧਾਇਕਾਂ ਦੀ ਹਮਾਇਤ ਹੋਣ ਦਾ ਦਾਅਵਾ ਪੇਸ਼ ਕੀਤਾ। ਇਸ ਦੌਰਾਨ ਭਾਜਪਾ ਵੱਲੋਂ ਕਟਿਹਾਰ ਤੋਂ ਵਿਧਾਇਕ ਤਾਰਕਿਸ਼ੋਰ ਪ੍ਰਸਾਦ ਨੂੰ ਬਿਹਾਰ ਅਸੈਂਬਲੀ ਵਿੱਚ ਭਾਜਪਾ ਵਿਧਾਇਕ ਦਲ ਦਾ ਆਗੂ ਤੇ ਬੇਤੀਆ ਤੋਂ ਵਿਧਾਇਕ ਰੇਣੂ ਦੇਵੀ ਨੂੰ ਊਨ੍ਹਾਂ ਦੇ ਡਿਪਟੀ ਚੁਣੇ ਜਾਣ ਮਗਰੋਂ ਇਨ੍ਹਾਂ ਕਿਆਸਾਂ ਨੇ ਜ਼ੋਰ ਫੜ ਲਿਆ ਹੈ ਕਿ ਉਨ੍ਹਾਂ ਨੂੰ ਨਵੀਂ ਸਰਕਾਰ ਵਿੱਚ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਹਾਲਾਂਕਿ ਭੇਤ ਬਰਕਰਾਰ ਹੈ। ਉਧਰ ਭਾਜਪਾ ਆਗੂ ਸੁਸ਼ੀਲ ਮੋਦੀ ਨੂੰ ਕੇਂਦਰੀ ਕੈਬਨਿਟ ਵਿੱਚ ਥਾਂ ਦਿੱਤੇ ਜਾਣ ਦੀ ਵੀ ਚਰਚਾ ਹੈ।
ਇਸ ਤੋਂ ਪਹਿਲਾਂ ਜੇਡੀਯੂ ਆਗੂ ਨਿਤੀਸ਼ ਕੁਮਾਰ ਨੂੰ ਬਿਹਾਰ ਅਸੈਂਬਲੀ ਚੋਣਾਂ ਵਿੱਚ 125 ਸੀਟਾਂ ਜਿੱਤਣ ਵਾਲੇ ਐੈੱਨਡੀਏ ਵਿਧਾਇਕਾਂ ਦਾ ਆਗੂ ਚੁਣਿਆ ਗਿਆ। ਕੁਮਾਰ ਦੀ ਸਰਕਾਰੀ ਰਿਹਾਇਸ਼ ’ਤੇ ਹੋਈ ਇਸ ਮੀਟਿੰਗ ਵਿੱਚ ਐੱਨਡੀਏ ਭਾਈਵਾਲ- ਜੇਡੀਯੂ, ਭਾਜਪਾ, ਹਿੰਦੁਸਤਾਨੀ ਅਵਾਮ ਮੋਰਚਾ (ਐੱਚਏਐੱਮ) ਤੇ ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ) ਦੇ ਵਿਧਾਇਕ ਸ਼ਾਮਲ ਸਨ। ਸੀਨੀਅਰ ਭਾਜਪਾ ਆਗੂ ਰਾਜਨਾਥ ਸਿੰਘ ਨੇ ਨਿਤੀਸ਼ ਦੀ ਚੋਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਨਿਤੀਸ਼ ਨੂੰ ਜੇਡੀਯੂ ਵਿਧਾਇਕਾਂ ਦੀ ਇਕ ਵੱਖਰੀ ਮੀਟਿੰਗ ਵਿੱਚ ਨਵੀਂ ਬਿਹਾਰ ਅਸੈਂਬਲੀ ਲਈ ਜੇਡੀਯੂ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ। ਇਸ ਮਗਰੋਂ ਸੂਬੇ ਦੇ ਰਾਜਪਾਲ ਵੱਲੋਂ ਮਿਲੇ ਸੱਦੇ ’ਤੇ ਨਿਤੀਸ਼ ਸ਼ਾਮ ਨੂੰ ਰਾਜ ਭਵਨ ਗਏ ਤੇ ਰਾਜਪਾਲ ਫਾਗੂ ਚੌਹਾਨ ਨੂੰ 125 ਨਵੇਂ ਚੁਣੇ ਵਿਧਾਇਕਾਂ ਦੇ ਸਮਰਥਨ ਵਾਲੀ ਸੂਚੀ ਸੌਂਪਦਿਆਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਕੁਮਾਰ ਤੇ ਉਨ੍ਹਾਂ ਦੀ ਨਵੀਂ ਕੈਬਨਿਟ ਵਿਚਲੇ ਮੰਤਰੀ ਸੋਮਵਾਰ ਨੂੰ ਸਾਢੇ ਚਾਰ ਵਜੇ ਦੇ ਕਰੀਬ ਹਲਫ਼ ਲੈਣਗੇ। ਇਸ ਦੌਰਾਨ ਕੇਂਦਰੀ ਮੰਤਰੀ ਰਾਜਨਾਥ ਸਿੰਘ ਦੀ ਨਿਗਰਾਨੀ ਵਿੱਚ ਹੋਈ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਕਟਿਹਾਰ ਤੋਂ ਵਿਧਾਇਕ ਤਾਰਕਿਸ਼ੋਰ ਪ੍ਰਸਾਦ ਨੂੰ ਭਾਜਪਾ ਵਿਧਾਇਕ ਦਲ ਦਾ ਆਗੂ ਤੇ ਸੁਸ਼ੀਲ ਕੁਮਾਰ ਮੋਦੀ ਨੂੰ ਬਿਹਾਰ ਵਿੱਚ ਭਾਜਪਾ ਵਿਧਾਨ ਮੰਡਲ ਦਾ ਆਗੂ ਚੁਣਿਆ ਗਿਆ।
ਉਧਰ ਨਿਤੀਸ਼ ਕੁਮਾਰ ਦੀ ਅਗਵਾਈ ਵਿੱਚ ਰਾਜਪਾਲ ਨੂੰ ਮਿਲਣ ਗਏ ਵਫ਼ਦ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਦੀ ਗੈਰਹਾਜ਼ਰੀ ਤੋਂ ਇਨ੍ਹਾਂ ਕਿਆਸਾਂ ਨੇ ਜ਼ੋਰ ਫੜ ਲਿਆ ਹੈ ਕਿ ਉਨ੍ਹਾਂ (ਮੋਦੀ) ਨੂੰ ਐਤਕੀਂ ਤਬਦੀਲ ਕੀਤਾ ਜਾ ਸਕਦਾ ਹੈ। ਕੁਮਾਰ ਦੇ ਰਾਜ ਭਵਨ ਤੋਂ ਪਰਤਣ ਮਗਰੋਂ ਰੱਖਿਆ ਮੰਤਰੀ ਤੇ ਭਾਜਪਾ ਦੇ ਨਿਗਰਾਨ ਰਾਜਨਾਥ ਸਿੰਘ ਤੇ ਸੁਸ਼ੀਲ ਮੋਦੀ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ। ਉਂਜ ਪੱਤਰਕਾਰਾਂ ਨੇ ਅੱਜ ਦਿਨੇਂ ਜਦੋਂ ਰਾਜਨਾਥ ਸਿੰਘ ਨੂੰ ਪੁੱਛਿਆ ਕਿ ਕੀ ਸੁਸ਼ੀਲ ਮੋਦੀ ਮੁੜ ਉਪ ਮੁੱਖ ਮੰਤਰੀ ਹੋਣਗੇ ਤਾਂ ਉਨ੍ਹਾਂ ਕਿਹਾ, ‘ਇਸ ਬਾਰੇ ਜਲਦੀ ਹੀ ਪਤਾ ਲੱਗ ਜਾਵੇਗਾ।’
-ਪੀਟੀਆਈ/ਆਈਏਐੱਨਐੱਸ
ਪਾਰਟੀ ਵਰਕਰ ਦਾ ਅਹੁਦਾ ਕੋਈ ਨਹੀਂ ਖੋਹ ਸਕਦਾ: ਸੁਸ਼ੀਲ ਮੋਦੀ
ਪਟਨਾ: ਨਵੀਂ ਬਿਹਾਰ ਸਰਕਾਰ ਵਿੱਚ ਉਪ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਚੱਲ ਰਹੇ ਕਿਆਸਾਂ ਦਰਮਿਆਨ ਭਾਜਪਾ ਆਗੂ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਇਕ ਪਾਰਟੀ ਵਰਕਰ ਦਾ ਅਹੁਦਾ ਉਨ੍ਹਾਂ ਕੋਲੋਂ ਕੋਈ ਨਹੀਂ ਖੋਹ ਸਕਦਾ। ਮੋਦੀ ਨੇ ਇਕ ਟਵੀਟ ’ਚ ਕਿਹਾ ਕਿ ਉਨ੍ਹਾਂ ਦੇ ਸਿਆਸੀ ਕਰੀਅਰ ਦੌਰਾਨ ਭਾਜਪਾ ਤੇ ਸੰਘ ਪਰਿਵਾਰ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ। ਸੁਸ਼ੀਲ ਮੋਦੀ ਦੇ ਇਸ ਟਵੀਟ ਨੇ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਨਵੀਂ ਸਰਕਾਰ ’ਚ ਉਪ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਪਾਰਟੀ ਦੀ ਅਗਲੀ ਪੇਸ਼ਕਦਮੀ ਬਾਰੇ ਭੇਤ ਹੋਰ ਗੁੱਝਾ ਕਰ ਦਿੱਤਾ ਹੈ। ਮੋਦੀ ਨੇ ਹਿੰਦੀ ’ਚ ਕੀਤੇ ਟਵੀਟ ’ਚ ਕਿਹਾ, ‘ਭਾਜਪਾ ਤੇ ਸੰਘ ਪਰਿਵਾਰ ਨੇ 40 ਸਾਲਾਂ ਦੇ ਸਿਆਸੀ ਜੀਵਨ ਦੌਰਾਨ ਮੈਨੂੰ ਬਹੁਤ ਕੁਝ ਦਿੱਤਾ ਹੈ, ਜੋ ਕਿਸੇ ਹੋਰ ਵਿਅਕਤੀ ਨੂੰ ਨਾ ਮਿਲਿਆ ਹੋਵੇ। ਮੈਂ ਭਵਿੱਖ ਵਿੱਚ ਦਿੱਤੀ ਜਾਣ ਵਾਲੀ ਹਰ ਜ਼ਿੰਮੇਵਾਰੀ ਨੂੰ ਨਿਭਾਵਾਂਗਾ। ਕੋਈ ਵੀ (ਮੇਰੇ ਕੋਲੋਂ) ਪਾਰਟੀ ਵਰਕਰ ਦਾ ਅਹੁਦਾ ਨਹੀਂ ਖੋਹ ਸਕਦਾ।’ -ਪੀਟੀਆਈ