ਪਟਨਾ, 11 ਅਗਸਤ
ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਮਹਾਗੱਠਜੋੜ ਸਰਕਾਰ 24 ਅਗਸਤ ਨੂੰ ਸੂਬਾਈ ਵਿਧਾਨ ਸਭਾ ਵਿਚ ਬਹੁਮਤ ਸਾਬਿਤ ਕਰੇਗੀ। ਨਿਤੀਸ਼ ਕੁਮਾਰ ਨੇ ਬੁੱਧਵਾਰ ਨੂੰ ਰਿਕਾਰਡ ਅੱਠਵੀਂ ਵਾਰ ਮੁੱਖ ਮੰਤਰੀ ਵਜੋਂ ਹਲਫ਼ ਲਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਐੱਨਡੀਏ ਨਾਲੋਂ ਨਾਤਾ ਤੋੜ ਕੇ ਆਰਜੇਡੀ ਨਾਲ ਹੱਥ ਮਿਲਾ ਲਿਆ ਸੀ। ਜ਼ਿਕਰਯੋਗ ਹੈ ਕਿ ਆਰਜੇਡੀ ਆਗੂ ਤੇਜਸਵੀ ਯਾਦਵ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। 24 ਅਗਸਤ ਨੂੰ ਬਹੁਮਤ ਸਾਬਿਤ ਕਰਨ ਤੇ ਵਿਧਾਨ ਸਭਾ ਦਾ ਸੈਸ਼ਨ ਸੱਦਣ ਬਾਰੇ ਸਿਫ਼ਾਰਿਸ਼ ਕਰਨ ਦਾ ਫ਼ੈਸਲਾ ਅੱਜ ਨਿਤੀਸ਼ ਦੀ ਅਗਵਾਈ ਵਿਚ ਹੋਈ ਕੈਬਨਿਟ ਮੀਟਿੰਗ ਵਿਚ ਲਿਆ ਗਿਆ। ਸੂਤਰਾਂ ਮੁਤਾਬਕ ਕੈਬਨਿਟ ਦਾ ਵਿਸਤਾਰ 16 ਅਗਸਤ ਨੂੰ ਹੋਵੇਗਾ ਤੇ ਆਰਜੇਡੀ ਦੇ ਹੋਰ ਮੰਤਰੀ ਸਹੁੰ ਚੁੱਕਣਗੇ। ਮਹਾਗੱਠਜੋੜ ਕੋਲ 164 ਮੈਂਬਰਾਂ ਦੀ ਹਮਾਇਤ ਹੈ। -ਏਐੱਨਆਈ