ਪਟਨਾ, 10 ਅਗਸਤ
ਜਨਤਾ ਦਲ (ਯੂਨਾਈਟਿਡ) ਦੇ ਨੇਤਾ ਨਿਤੀਸ਼ ਕੁਮਾਰ ਨੇ ਅੱਜ ਬਾਅਦ ਦੁਪਹਿਰ ਅੱਠਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਬਿਹਾਰ ਦੇ ਰਾਜਪਾਲ ਫਾਗੂ ਚੌਹਾਨ ਨੇ ਰਾਜ ਭਵਨ ‘ਚ ਸਮਾਰੋਹ ਦੌਰਾਨ ਸ੍ਰੀ ਕੁਮਾਰ (71) ਨੂੰ ਅਹੁਦੇ ਦੀ ਸਹੁੰ ਚੁਕਾਈ। ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਨੇਤਾ ਤੇਜਸਵੀ ਯਾਦਵ ਨੇ ਵੀ ਸਹੁੰ ਚੁੱਕੀ। ਉਨ੍ਹਾਂ ਦੇ ਦੂਜੀ ਵਾਰ ਉਪ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਹੈ। ਮਹਾਗਠਜੋੜ ਦੀ ਅਗਵਾਈ ਕਰ ਰਹੀ ਰਾਸ਼ਟਰੀ ਜਨਤਾ ਦਲ ਨੇ ਮੰਗਲਵਾਰ ਨੂੰ ਸ੍ਰੀ ਕੁਮਾਰ ਨੂੰ ਆਪਣਾ ਨੇਤਾ ਚੁਣਿਆ ਸੀ। ਸਮਾਗਮ ਵਿੱਚ ਰਾਬੜੀ ਦੇਵੀ ਆਪਣੇ ਪਰਿਵਾਰ ਨਾਲ ਪੁੱਜੀ ਪਰ ਲਾਲੂ ਯਾਦਵ ਦਿੱਲੀ ’ਚ ਹੋਣ ਕਾਰਨ ਹਾਜ਼ਰ ਨਹੀਂ ਸਨ।
ਬਿਹਾਰ ਵਿਧਾਨ ਸਭਾ ਸਪੀਕਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ
ਪਟਨਾ: ਜਨਤਾ ਦਲ (ਯੂਨਾਈਟਿਡ) ਦੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਬਿਹਾਰ ਦੇ ਸੱਤਾਧਾਰੀ ਮਹਾਗੱਠਜੋੜ ‘ਮਹਾਗੱਠਬੰਧਨ’ ਨੇ ਬੁੱਧਵਾਰ ਨੂੰ ਵਿਧਾਨ ਸਭਾ ਸਪੀਕਰ ਵਿਜੈ ਕੁਮਾਰ ਸਿਨਹਾ ਖ਼ਿਲਾਫ਼ ਬੇਭਰੋਸਗੀ ਮਤਾ ਲਿਆਂਦਾ ਹੈ। ਸਿਨਹਾ ਭਾਜਪਾ ਦੇ ਵਿਧਾਇਕ ਹਨ। ਮਹਾਗੱਠਜੋੜ ਦੇ ਕਈ ਵਿਧਾਇਕਾਂ ਦੇ ਦਸਤਖ਼ਤ ਵਾਲਾ ਨੋਟਿਸ ਵਿਧਾਨ ਸਭਾ ਸਕੱਤਰੇਤ ਨੂੰ ਦਿੱਤਾ ਗਿਆ ਹੈ। ਨਿਤੀਸ਼ ਕੁਮਾਰ ਵੱਲੋਂ ਮਹਾਗੱਠਜੋੜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਮਗਰੋਂ ਇਹ ਕਦਮ ਚੁੱਕਿਆ ਗਿਆ ਹੈ। ਜੇਡੀ(ਯੂ) ਦੇ ਸੀਨੀਅਰ ਆਗੂ ਵਿਜੈ ਕੁਮਾਰ ਚੌਧਰੀ ਨੇ ਦੱਸਿਆ ਕਿ ਵਿਧਾਨ ਸਭਾ ਸੈਸ਼ਨ ਮੌਕੇ ਬੇਭਰੋਸਗੀ ਮਤੇ ਨੂੰ ਸਦਨ ਵਿੱਚ ਪੇਸ਼ ਕੀਤਾ ਜਾਵੇਗਾ। ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 24 ਜਾਂ 25 ਅਗਸਤ ਬੁਲਾਇਆ ਜਾ ਸਕਦਾ ਹੈ।